ਸਰਹੱਦੀ ਖੇਤਰ ਰਣਗੜ੍ਹ ਵਿੱਚ ਨਸ਼ਾ ਤਸਕਰ ਦਾ ਘਰ ਢਾਹਿਆ
ਨਸ਼ੇ ਦੇ ਖਾਤਮੇ ਲਈ ਸ਼ੁਰੂ ਕੀਤੇ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਪੁਲੀਸ ਦੀ ਮਦਦ ਨਾਲ ਸਰਹੱਦੀ ਪਿੰਡ ਰਣਗੜ੍ਹ ਵਿੱਚ ਨਸ਼ਾ ਤਸਕਰ ਦਾ ਨਸ਼ੇ ਦੀ ਕਾਲੀ ਕਮਾਈ ਨਾਲ ਨਜਾਇਜ਼ ਬਣਾਇਆ ਗਿਆ ਘਰ ਢਾਹ ਢੇਰੀ ਕਰ ਦਿੱਤਾ। ਇਸ ਘਰ ’ਚ ਰਹਿੰਦੇ ਪਰਿਵਾਰ ਵਿੱਚ ਜਨਕ ਸਿੰਘ ਉਰਫ ਬਿੱਕਾ, ਜਨਕ ਸਿੰਘ ਅਤੇ ਨਿਸ਼ਾਨ ਸਿੰਘ ਸ਼ਾਮਲ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲੀਸ ਮੁਖੀ ਮਨਿੰਦਰ ਸਿੰਘ ਨੇ ਦੱਸਿਆ ਕਿ ਜਨਕ ਸਿੰਘ ਖ਼ਿਲਾਫ਼ ਤਿੰਨ ਅਤੇ ਉਸ ਦੇ ਭਰਾਵਾਂ ਖ਼ਿਲਾਫ਼ ਵੀ ਤਿੰਨ ਕੇਸ ਵੱਖ-ਵੱਖ ਧਰਾਵਾਂ ਹੇਠ ਦਰਜ ਹਨ। ਇਨ੍ਹਾਂ ਨੇ ਪਿੰਡ ਦੀ ਪੰਚਾਇਤੀ ਜ਼ਮੀਨ ਉੱਤੇ ਨਾਜਾਇਜ਼ ਕਬਜ਼ਾ ਕਰਕੇ ਆਪਣਾ ਘਰ ਬਣਾਇਆ ਹੋਇਆ ਸੀ। ਜਿਸ ਸਬੰਧ ਵਿੱਚ ਵਿਭਾਗ ਵੱਲੋਂ ਪੁਲੀਸ ਦੀ ਸਹਾਇਤਾ ਨਾਲ ਇਹ ਨਾਜਾਇਜ਼ ਉਸਾਰੀ ਢਾਹ ਦਿੱਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਨਸ਼ੇ ਦੇ ਖਾਤਮੇ ਲਈ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਅਮਲ ਵਿੱਚ ਲਿਆਵੇਗੀ।
ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਜਨਕ ਸਿੰਘ ਤੇ ਉਸ ਦਾ ਇੱਕ ਭਰਾ ਇਸ ਵੇਲੇ ਜ਼ਮਾਨਤ ਉੱਤੇ ਹਨ ਅਤੇ ਇੱਕ ਭਰਾ ਜੇਲ੍ਹ ਵਿੱਚ ਹੈ। ਇਨ੍ਹਾਂ ਵੱਲੋਂ ਨਸ਼ਿਆਂ ਦਾ ਕਾਰੋਬਾਰ ਕਰਕੇ ਇਹ ਘਰ ਬਣਾਇਆ ਹੋਇਆ ਸੀ, ਇਸ ਲਈ ਇਹ ਘਰ ਜ਼ਾਬਤੇ ਅਨੁਸਾਰ ਖਾਲੀ ਕਰਵਾ ਕੇ ਜਗ੍ਹਾ ਪੰਚਾਇਤ ਦੇ ਹਵਾਲੇ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਨੂੰ ਇਹ ਸਖ਼ਤ ਤਾੜਨਾ ਹੈ ਕਿ ਉਹ ਜਾਂ ਤਾਂ ਮਾੜੇ ਕੰਮ ਛੱਡ ਕੇ ਮੁੱਖਧਾਰਾ ਵਿੱਚ ਸ਼ਾਮਲ ਹੋ ਕੇ ਆਮ ਜ਼ਿੰਦਗੀ ਬਤੀਤ ਕਰਨ ਨਹੀਂ ਤਾਂ ਜੇਲ੍ਹ ਜਾਣ ਲਈ ਤਿਆਰ ਰਹਿਣ। ਅਜਿਹੇ ਹੋਰ ਨਸ਼ਾ ਤਸਕਰਾਂ ਦੇ ਖ਼ਿਲਾਫ਼ ਆਉਣ ਵਾਲੇ ਦਿਨਾਂ ਵਿੱਚ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲਾ ਦਿਹਾਤੀ ਪੁਲੀਸ ਪਹਿਲੀ ਮਾਰਚ ਤੋਂ ਲੈ ਕੇ ਹੁਣ ਤੱਕ 150 ਕਿਲੋ ਦੇ ਕਰੀਬ ਹੈਰੋਇਨ ਅਤੇ ਦੋ ਕਰੋੜ ਰੁਪਏ ਡਰੱਗ ਮਨੀ ਬਰਾਮਦ ਕਰ ਚੁੱਕੀ ਹੈ ਅਤੇ ਚਾਰ ਕਰੋੜ ਰੁਪਏ ਦੀ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਦੀ ਜ਼ਬਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਨਸ਼ਾ ਤਸਕਰਾਂ ਦੀ ਜਾਇਦਾਦ ਢਾਹੁਣ ਦੀ ਇਹ ਛੇਵੀਂ ਕਾਰਵਾਈ ਹੈ।