ਹੜ੍ਹ ਪੀੜਤਾਂ ਦੀ ਮਦਦ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਲਈ ਜਾਵੇ: ਮੀਤ ਹੇਅਰ
ਤਿੰਨ ਦਿਨਾਂ ਤੋਂ ਆਪਣੀ ਟੀਮ ਨਾਲ ਰਾਹਤ ਕੰਮਾਂ ਵਿੱਚ ਲੱਗੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਜੋ ਕਿ ਪੰਜਾਬ ਵਿੱਚੋਂ ਗਵਾਂਢੀ ਸੂਬਿਆਂ ਤੋਂ ਅਜਨਾਲਾ ਹਲਕੇ ਨੂੰ ਆ ਰਹੀ ਮਦਦ ਤੇ ਇਸ ਦੀ ਵੰਡ ਨੂੰ ਗਹੁ ਨਾਲ ਵਾਚ ਰਹੇ ਹਨ, ਨੇ ਇਨ੍ਹਾਂ ਸੰਸਥਾਵਾਂ ਤੇ ਦਾਨੀ ਸ਼ਖਸ਼ੀਅਤਾਂ ਨੂੰ ਕੋਈ ਵੀ ਵਸਤੂ ਲੋੜਵੰਦਾਂ ਤੱਕ ਭੇਜਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਸਹਾਇਤਾ ਲੈਣ ਦੀ ਅਪੀਲ ਕੀਤੀ ਹੈ। ਪਿੰਡ ਸ਼ਹਿਜ਼ਾਦ ਵਿਖੇ ਪ੍ਰਭਾਵਿਤ ਲੋਕਾਂ ਨੂੰ ਜ਼ਰੂਰੀ ਵਸਤਾਂ ਅਤੇ ਦਵਾਈਆਂ ਦੀ ਵੰਡ ਕਰਦੇ ਹੋਏ ਉਨ੍ਹਾਂ ਅਪੀਲ ਕੀਤੀ, ‘‘ਦਰਿਆ ਨਾਲ ਦੇ ਕੁੱਝ ਪਿੰਡ ਅਜਿਹੇ ਹਨ, ਜਿਨ੍ਹਾਂ ਲੋਕਾਂ ਨੂੰ ਆਪਣੇ ਘਰਾਂ ਵਿੱਚੋਂ ਪਾਉਣ ਵਾਲੇ ਕੱਪੜੇ ਵੀ ਚੁੱਕਣੇ ਨਸੀਬ ਨਹੀਂ ਹੋਏ, ਕਿਉਂਕਿ ਪਾਣੀ ਬਹੁਤ ਤੇਜ਼ੀ ਨਾਲ ਆਇਆ। ਇਨ੍ਹਾਂ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਜ਼ਰੂਰੀ ਹੈ ਕਿ ਸਾਡਾ ਸਮਾਨ ਸਹੀ ਹੱਥਾਂ ਤੱਕ ਪਹੁੰਚੇ।’’ ਉਨ੍ਹਾਂ ਕਿਹਾ ਕਿ ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਤੋਂ ਵਧੀਆ ਕੋਈ ਸਾਧਨ ਨਹੀਂ, ਸੋ ਜੋ ਵੀ ਸੱਜਣ ਇੱਥੇ ਕੋਈ ਸਮੱਗਰੀ ਦੇਣ ਵਾਸਤੇ ਆਉਣਾ ਚਾਹੁੰਦਾ ਹੈ ਜਾਂ ਆ ਰਿਹਾ ਹੈ, ਉਹ ਜ਼ਿਲ੍ਹਾ ਪ੍ਰਸ਼ਾਸਨ ਨਾਲ ਸੰਪਰਕ ਜ਼ਰੂਰ ਕਰੇ।
ਅਜਨਾਲਾ ਹਲਕੇ ਦੇ ਕਿਸਾਨਾਂ ਲਈ ਕਣਕ ਦਾ ਬੀਜ ਸਾਂਭ ਕੇ ਰੱਖਣ ਦਾਨੀ: ਧਾਲੀਵਾਲ
ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਦੇਸ਼ ਭਰ ’ਚੋਂ ਆ ਰਹੀ ਮਦਦ ਲਈ ਸੰਸਥਾਵਾਂ ਅਤੇ ਦਾਨੀ ਪੁਰਸ਼ਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਅਜਨਾਲਾ ਇਲਾਕੇ ਦੇ ਕਿਸਾਨਾਂ ਵੱਲੋਂ ਆਗਾਮੀ ਸੀਜ਼ਨ ਕਣਕ ਦੀ ਕਾਸ਼ਤ ਦੀ ਕਾਸ਼ਤ ਲਈ ਰੱਖਿਆ ਬੀਜ ਭਿੱਜਣ ਕਰਕੇ ਖਰਾਬ ਹੋ ਗਿਆ ਹੈ। ਉਨ੍ਹਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਅਜਨਾਲਾ ਹਲਕੇ ਦੇ ਕਿਸਾਨਾਂ ਲਈ ਥੋੜ੍ਹਾ-ਥੋੜ੍ਹਾ ਬੀਜ ਸੰਭਾਲ ਕੇ ਰੱਖਣ, ਤਾਂ ਜੋ ਇਹ ਹੜ੍ਹਾਂ ਤੋਂ ਬਾਅਦ ਕਣਕ ਦੀ ਬਿਜਾਈ ਕਰ ਸਕਣ।
ਕਟਾਰੂਚੱਕ ਤੇ ਡੀਸੀ ਵੱਲੋਂ ਹੜ੍ਹ ਨਾਲ ਹੋਏ ਨੁਕਸਾਨ ਦਾ ਜਾਇਜ਼ਾ; ਸੰਪਰਕ ਸੜਕਾਂ ਦੀ ਹਾਲਤ ਸੁਧਾਰਨ ਦੇ ਨਿਰਦੇਸ਼
ਪਠਾਨਕੋਟ (ਐੱਨਪੀ ਧਵਨ): ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਡੀਸੀ ਆਦਿੱਤਿਆ ਉੱਪਲ, ਐਸਐਸਪੀ ਦਲਜਿੰਦਰ ਸਿੰਘ ਢਿੱਲੋਂ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਾਲ ਲੈ ਕੇ ਹੜ੍ਹਾਂ ਦੌਰਾਨ ਬਮਿਆਲ ਅਤੇ ਨਰੋਟ ਜੈਮਲ ਸਿੰਘ ਦੇ ਖੇਤਰਾਂ ਅੰਦਰ ਲੋਕਾਂ ਦੇ ਘਰਾਂ, ਦੁਕਾਨਾਂ ਦੇ ਹੋਏ ਨੁਕਸਾਨ ਅਤੇ ਰਸਤਿਆਂ ਦੀ ਮੰਦੀ ਹਾਲਤ ਦਾ ਜਾਇਜ਼ਾ ਲਿਆ। ਕੈਬਨਿਟ ਮੰਤਰੀ ਨੇ ਰਾਵੀ ਦਰਿਆ ਦੇ ਨਾਲ ਨਾਲ ਹੋ ਰਹੇ ਕਟਾਵ ਦਾ ਨਿਰੀਖਣ ਕੀਤਾ ਅਤੇ ਪਾਣੀ ਦਾ ਵਹਾਅ ਘੱਟ ਕਰਨ ਦੇ ਲਈ ਅਤੇ ਹੋ ਰਹੇ ਭੂ-ਖੋਰ ਨੂੰ ਰੋਕਣ ਲਈ ਪੱਥਰਾਂ ਦੇ ਕਰੇਟ ਬੰਨ੍ਹਣ ਦੇ ਆਦੇਸ਼ ਦਿੱਤੇ। ਇਸ ਤੋਂ ਬਾਅਦ ਹੜ੍ਹ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਪਿੰਡ ਪੰਮਾ ਵਿਖੇ ਪਹੁੰਚੇ। ਉਨ੍ਹਾਂ ਪਿੰਡ ਪੰਮਾਂ ਦੇ ਨਜ਼ਦੀਕ ਕਥਲੌਰ ਤੋਂ ਨਰੋਟ ਜੈਮਲ ਸਿੰਘ ਨੂੰ ਜਾਣ ਵਾਲਾ ਮਾਰਗ ਜੋ ਪ੍ਰਭਾਵਿਤ ਹੋਇਆ ਹੈ, ਨੂੰ ਅਸਥਾਈ ਤੌਰ ਤੇ ਲੋਕਾਂ ਦੇ ਆਉਣ ਜਾਣ ਲਈ ਦਰੁਸਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੁਕਾਨਾਂ ਦੇ ਬਾਹਰ 8-10 ਫੁੱਟ ਡੂੰਘੇ ਟੋਏ ਪੈ ਗਏ ਹਨ, ਨੂੰ ਭਰਿਆ ਜਾਵੇ।