ਹੁਕਮ ਅਦੂਲੀ: ਕਰਤਾਰਪੁਰ ਨੇੜੇ ਪਰਾਲੀ ਸਾੜਨ ਸਬੰਧੀ ਦੋ ਕੇਸ ਦਰਜ
ਪਰਾਲੀ ਦੀ ਸਾਂਭ ਸੰਭਾਲ ਲਈ ਸਰਕਾਰ ਮੁਆਵਜ਼ਾ ਦੇਵੇ - ਮੱਲੀਆਂ
Advertisement
ਸੂਬਾ ਸਰਕਾਰ ਵੱਲੋਂ ਪਰਾਲੀ ਨਾ ਸਾੜਨ ਸਬੰਧੀ ਕੀਤੀ ਜਾ ਰਹੀ ਜਾਗਰੂਕਤਾ ਦੇ ਬਾਵਜੂਦ ਪਰਾਲੀ ਸਾੜਨ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਕਰਤਾਰਪੁਰ ਨੇੜਲੇ ਪਿੰਡ ਧੀਰਪੁਰ ਵਿੱਚ ਪਰਾਲੀ ਸਾੜਨ ਦੇ ਦੋਸ਼ ਹੇਠ ਦੋ ਕਿਸਾਨਾਂ ’ਤੇ ਪੁਲੀਸ ਨੇ ਕੇਸ ਦਰਜ ਕੀਤਾ ਹੈ।
ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇਸਬੰਧੀ ਹਲਕਾ ਪਟਵਾਰੀ ਦੁਗਰੀ ਧੀਰਪੁਰ ਅਕਸ਼ੇ ਕੁਮਾਰ ਦੀ ਰਿਪੋਰਟ ਤੇ ਪੁਲੀਸ ਨੇ ਕਿਸਾਨਾਂ ਖ਼ਿਲਾਫ਼ ਕਾਰਵਾਈ ਅਮਲ ਵਿੱਚ ਲਿਆਂਦੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਰਾਲੀ ਸਾੜਨ ਲਈ ਤੀਰਥ ਸਿੰਘ ਪੁੱਤਰ ਹਰੀ ਸਿੰਘ ਵਾਸੀ ਧੀਰਪੁਰ ਥਾਣਾ ਕਰਤਾਰਪੁਰ ਅਤੇ ਮਲੂਕ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਧੀਰਪੁਰ ਥਾਣਾ ਕਰਤਾਰਪੁਰ ਤੇ ਬੀਐੱਨਐਸ ਦੀ ਧਾਰਾ 223 ਤਹਿਤ ਕੇਸ ਦਰਜ ਕੀਤਾ ਹੈ।
ਇਸ ਸਬੰਧੀ ਵਾਤਾਵਰਨ ਪ੍ਰੇਮੀ ਡਾਕਟਰ ਨਿਰਮਲ ਸਿੰਘ ਅਤੇ ਮਾਸਟਰ ਬਹਾਦਰ ਸਿੰਘ ਸੰਧੂ ਨੇ ਕਿਹਾ ਕਿ ਖੇਤਾਂ ਵਿੱਚ ਅੱਗ ਲਗਾਉਣ ਨਾਲ ਖੇਤੀ ਲਈ ਸਹਾਇਕ ਮਿੱਤਰ ਕੀੜੇ ਵੀ ਮਰ ਜਾਂਦੇ ਹਨ ਅਤੇ ਉਪਜਾਊ ਤੱਤ ਨਸ਼ਟ ਕਰ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅੱਗ ਲਾਉਣ ਨਾਲ ਖੇਤਾਂ ਦੇ ਕੰਢਿਆਂ ਤੇ ਲੱਗੇ ਹਰੇ ਦਰਖ਼ਤ ਅਤੇ ਹੋਰ ਬਨਸਪਤੀ ਤੋਂ ਇਲਾਵਾ ਪੰਛੀ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੇ ਹਨ।
ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਕਰਤਾਰਪੁਰ ਦੇ ਪ੍ਰਧਾਨ ਬਹਾਦਰ ਸਿੰਘ ਮੱਲੀਆਂ ਨੇ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਨੂੰ ਖੇਤਾਂ ਵਿੱਚ ਪਰਾਲੀ ਖਪਾਉਣ ਲਈ ਯੋਗ ਸਾਧਨ ਉਪਲਬਧ ਕਰਵਾਏ। ਉਨ੍ਹਾਂ ਛੋਟੇ ਕਿਸਾਨਾਂ ਨੂੰ ਸੂਬਾ ਸਰਕਾਰ 200 ਰੁਪਏ ਪ੍ਰਤੀ ਕੁਇੰਟਲ ਪਰਾਲੀ ਦੀ ਸਾਂਭ ਸੰਭਾਲ ਲਈ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।
Advertisement
Advertisement
