ਬਿਜਲੀ ਕਾਮਿਆਂ ਦੀਆਂ ਮੰਗਾਂ ਸਬੰਧੀ ਵਿਚਾਰ ਚਰਚਾ
ਨਿੱਜੀ ਪੱਤਰ ਪ੍ਰੇਰਕ
ਕਾਦੀਆਂ, 22 ਜੂਨ
ਇੱਥੇ ਪੀਐੱਸਈਬੀ ਐਂਪਲਾਈਜ਼ ਫੈਡਰੇਸ਼ਨ ਏਟਕ ਸਰਕਲ ਗੁਰਦਾਸਪੁਰ ਦੀ ਜਨਰਲ ਕੌਂਸਲ ਦੀ ਮੀਟਿੰਗ ਸਰਕਲ ਪ੍ਰਧਾਨ ਕਾਮਰੇਡ ਬਲਵਿੰਦਰ ਉਦੀਪੁਰ ਦੀ ਪ੍ਰਧਾਨਗੀ ਹੇਠ ਕਾਦੀਆਂ ਮੰਡਲ ਵਿੱਚ ਹੋਈ। ਇਸ ਮੌਕੇ ਬਿਜਲੀ ਕਾਮਿਆਂ ਦੀਆਂ ਮੰਗਾਂ ਅਤੇ ਫੀਲਡ ਵਿੱਚ ਕੰਮ ਕਰਦੇ ਕਰਮਚਾਰੀਆਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਸਾਥੀ ਉਦੀਪੁਰ ਨੇ ਕਿਹਾ ਪਾਵਰਕੌਮ ਮੈਨੇਜਮੈਂਟ ਨੇ ਜਾਣ-ਬੁੱਝ ਕੇ ਬਿਜਲੀ ਕਾਮਿਆਂ ਦੀਆਂ ਮੰਗਾਂ ਸਬੰਧੀ ਟਾਲ-ਮਟੋਲ ਦੀ ਨੀਤੀ ਅਪਣਾ ਰੱਖੀ ਹੈ। ਮਹਿਕਮੇ ਅੰਦਰ ਕਰਮਚਾਰੀਆਂ ਦੀ ਗਿਣਤੀ ਬਹੁਤ ਘਟਦੀ ਜਾ ਰਹੀ ਹੈ ਅਤੇ ਕੰਮ ਦਾ ਬੋਝ ਵਧਦਾ ਜਾ ਰਿਹਾ ਹੈ। ਵਰਕਰਾਂ ਨੂੰ ਡਿਊਟੀ ਤੋਂ ਵੱਧ ਕਰਨਾ ਪੈ ਰਿਹਾ ਹੈ ਅਤੇ ਫੀਲਡ ਵਿੱਚ ਕੰਮ ਕਰਦੇ ਕਰਮਚਾਰੀ ਘਾਤਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ ਅਤੇ ਪਾਵਰਕੌਮ ਅੰਦਰ ਮੌਤਾਂ ਦੀ ਦਰ ਤੇਜ਼ੀ ਨਾਲ ਵਧ ਰਹੀ ਹੈ, ਜੋ ਚਿੰਤਾ ਦਾ ਵਿਸ਼ਾ ਹੈ। ਇਸ ਲਈ ਪਾਵਰਕੌਮ ਮੈਨੇਜਮੈਂਟ ਅਤੇ ਸਰਕਾਰ ਨੂੰ ਮਹਿਕਮੇ ਅੰਦਰ ਪੱਕੀ ਭਰਤੀ ਪੂਰੀਆਂ ਤਨਖਾਹਾਂ ਤੇ ਕਰਨੀ ਚਾਹੀਦੀ ਹੈ। ਪੰਜਾਬ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਨੂੰ ਬਿਜਲੀ ਕਾਮਿਆਂ ਦੀਆਂ ਮੰਗਾਂ ਦਾ ਨਿਪਟਾਰਾ ਕਰਨਾ ਚਾਹੀਦਾ ਹੈ। ਪ੍ਰਧਾਨ ਉਦੀਪੁਰ ਨੇ ਦੱਸਿਆ 10 ਟਰੇਡ ਯੂਨੀਅਨਾਂ ਵਲੋਂ 9 ਜੁਲਾਈ ਨੂੰ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਦੇਸ ਭਰ ਵਿੱਚ ਕੀਤੀ ਜਾ ਰਹੀ ਹੜਤਾਲ ਨੂੰ ਸਫਲ ਬਣਾਉਣ ਲਈ ਲਾਮਬੰਦੀ ਜਲਦ ਸ਼ੁਰੂ ਕੀਤੀ ਜਾਵੇਗੀ। ਮੀਟਿੰਗ ਵਿੱਚ ਪਿਆਰਾ ਸਿੰਘ ਭਾਮੜੀ, ਸਾਹਿਬ ਸਿੰਘ ਧਾਲੀਵਾਲ, ਰਾਮ ਲੁਭਾਇਆ, ਦਲਜੀਤ ਸਿੰਘ ਸਿੱਧਵਾਂ, ਰਛਪਾਲ ਸਿੰਘ, ਯਾਦਵਿੰਦਰ ਸਿੰਘ, ਗੁਰਵਿੰਦਰ ਸਿੰਘ, ਪਰਮਜੀਤ ਸਿੰਘ, ਗੁਰਪਾਲ ਸਿੰਘ, ਹਰਪ੍ਰੀਤ ਸਿੰਘ, ਰਕੇਸ਼ ਕੁਮਾਰ ਆਦਿ ਆਗੂਆਂ ਸਮੇਤ ਹੋਰ ਵੀ ਸਾਥੀ ਸਨ।