ਧਾਲੀਵਾਲ ਵੱਲੋਂ ਮਾਈਨਿੰਗ ਨੀਤੀ ’ਚ ਸੋਧ ਦੀ ਮੰਗ
ਵਿਧਾਇਕ ਕੁਲਦੀਪ ਧਾਲੀਵਾਲ ਨੇ ਦੱਸਿਆ ਕਿ ਹਾੜ ਪ੍ਰਭਾਵਿਤ ਇਲਾਕੇ ਵਿੱਚ ਰਾਵੀ ਦਰਿਆ ਨੇ ਖੇਤਾਂ ਵਿੱਚ ਚਾਰ-ਚਾਰ ਫੁੱਟ ਰੇਤ ਸੁੱਟ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਾਣੀ ਸੁੱਕ ਕੇ ਰੇਤਾ ਚੁੱਕ ਕੇ ਕਣਕ ਦੀ ਬਿਜਾਈ ਕਰਨੀ ਬਹੁਤ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਅਕਤੂਬਰ ਤੱਕ ਕਣਕ ਦੀ ਬਿਜਾਈ ਹੋ ਜਾਂਦੀ ਹੈ ਅਤੇ ਇਨ੍ਹਾਂ ਦੋ ਮਹੀਨਿਆਂ ਵਿੱਚ ਇਹ ਰੇਤ ਚੁੱਕਣੀ ਅਸੰਭਵ ਹੈ। ਇਸ ਨੂੰ ਚੁੱਕਣ ਉੱਤੇ ਵੀ ਵੱਡਾ ਖਰਚਾ ਕਿਸਾਨਾਂ ਦੇ ਸਿਰ ’ਤੇ ਖਲੋਤਾ ਹੈ, ਜਿਸ ਨੂੰ ਸੋਚ ਕੇ ਕਿਸਾਨ ਪ੍ਰੇਸ਼ਾਨ ਹਨ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹ ਮਾਈਨਿੰਗ ਨੀਤੀ ਵਿੱਚ ਸੋਧ ਕਰ ਕੇ ਇਹ ਯਕੀਨੀ ਬਣਾਉਣ ਕਿ ਜਿਸ ਦਾ ਖੇਤ ਹੈ, ਉਸ ਦੀ ਰੇਤ ਹੋਵੇ। ਉਨ੍ਹਾਂ ਕਿਹਾ ਕਿ ਇਸ ਨੀਤੀ ਨਾਲ ਕਿਸਾਨ ਇਹ ਰੇਤ ਜਾਂ ਤਾਂ ‘ਆਪ’ ਵੇਚ ਲਵੇਗਾ ਜਾਂ ਕਿਸੇ ਨੂੰ ਵੇਚ ਕੇ ਇਸ ਦੇ ਪੈਸੇ ਵੱਟ ਲਵੇਗਾ, ਜਿਸ ਨਾਲ ਉਸਦੇ ਪਰਿਵਾਰ ਦਾ ਗੁਜ਼ਾਰਾ ਚੱਲਦਾ ਰਹੇਗਾ। ਉਨ੍ਹਾਂ ਕਿਹਾ ਕਿ ਜੇਕਰ ਰਾਵੀ ਨੇ ਇਨ੍ਹਾਂ ਦੀਆਂ ਫਸਲਾਂ ਖਰਾਬ ਕੀਤੀਆਂ ਹਨ ਅਤੇ ਹੁਣ ਰੇਤ ਸੁੱਟੀ ਹੈ ਤਾਂ ਉਸ ਉੱਤੇ ਹੱਕ ਉਸ ਕਿਸਾਨ ਦਾ ਹੀ ਹੋਣਾ ਚਾਹੀਦਾ ਹੈ। ਇਸ ਲਈ ਉਹ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕਰਦੇ ਹਨ ਕਿ ਉਹ ਆਪਣੀ ਮਾਈਨਿੰਗ ਨੀਤੀ ਵਿੱਚ ਇਹ ਹੱਕ ਸਬੰਧਤ ਕਿਸਾਨ ਨੂੰ ਦੇਣ।