ਦੁਕਾਨਦਾਰ ਦੀ ਹੱਤਿਆ ਕਾਰਨ ਡੇਰਾ ਬਾਬਾ ਨਾਨਕ ਮੁਕੰਮਲ ਬੰਦ
ਇੱਥੋਂ ਦੇ ਦੁਕਾਨਦਾਰ ਰਵੀ ਢਿੱਲੋਂ (42) ਦੀ ਅਣਪਛਾਤਿਆਂ ਨੇ ਲੰਘੀ ਦੇਰ ਸ਼ਾਮ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਸ ਕਾਰਨ ਅੱਜ ਰੋਸ ਵਜੋਂ ਡੇਰਾ ਬਾਬਾ ਨਾਨਕ ਮੁਕੰਮਲ ਬੰਦ ਰਿਹਾ। ਘਟਨਾ ਉਸ ਵੇਲੇ ਵਾਪਰੀ ਜਦੋਂ ਉਹ ਰਾਤ ਨੌਂ ਵਜੇ ਆਪਣੀ ਕੱਪੜੇ ਦੀ ਦੁਕਾਨ ਬੰਦ ਕਰ ਘਰ ਦੇ ਦਰਵਾਜ਼ੇ ਅੱਗੇ ਖੜ੍ਹਾ ਸੀ। ਇਸ ਦੌਰਾਨ ਮੋਟਰਸਾਈਕਲਾਂ ’ਤੇ ਆਏ ਨੌਜਵਾਨਾਂ ਨੇ ਉਸ ’ਤੇ ਗੋਲੀਆਂ ਚਲਾਈਆਂ। ਇਸ ਦੌਰਾਨ ਪਰਿਵਾਰਕ ਮੈਂਬਰਾਂ ਵੱਲੋਂ ਅੰਮ੍ਰਿਤਸਰ ਲਿਜਾਂਦਿਆਂ ਉਹ ਰਸਤੇ ਵਿੱਚ ਦਮ ਤੋੜ ਗਿਆ। ਰਵੀ ਨੂੰ ਪਹਿਲਾਂ ਗੈਂਗਸਟਰਾਂ ਨੇ ਫੋਨ ’ਤੇ ਕਈ ਧਮਕੀਆਂ ਦਿੱਤੀਆਂ ਸਨ। ਇਸ ਕਾਰਨ ਉਸ ਨੂੰ ਦੋ ਗੰਨਮੈਨ ਮਿਲੇ ਹੋਏ ਸਨ। ਅੱਜ ਵਾਰਦਾਤ ਵੇਲੇ ਉਸ ਕੋਲ ਕੋਈ ਗੰਨਮੈਨ ਨਹੀਂ ਸੀ। ਇਸ ਘਟਨਾ ਦੀ ਜ਼ਿੰਮੇਵਾਰੀ ਸ਼ੈਰੀ ਮਾਨ ਨੇ ਲੈਂਦਿਆਂ ਘਟਨਾ ਲਈ ਸਥਾਨਕ ਐੱਸਐੱਚਓ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਐੱਸਪੀ (ਡੀ) ਗੁਰਪ੍ਰਤਾਪ ਸਿੰਘ ਸਹੋਤਾ ਮੌਕੇ ’ਤੇ ਪਹੁੰਚੇ। ਐੱਸਪੀ ਨੇ ਮੁਲਜ਼ਮਾਂ ਨੂੰ ਜਲਦੀ ਕਾਬੂ ਕਰਨ ਦਾ ਭਰੋਸਾ ਦਿੱਤਾ। ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੇ ਪੁੱਤਰ ਓਦੇਵੀਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਕਾਂਗਰਸ ਦੇ ਸੀਨੀਅਰ ਆਗੂਆਂ ਤੇ ਹੋਰਾਂ ਨੇ ਥਾਣਾ ਡੇਰਾ ਬਾਬਾ ਨਾਨਕ ਅੱਗੇ ਧਰਨਾ ਲਾਇਆ।
ਇਸ ਮੌਕੇ ਧਰਨਾਕਾਰੀਆਂ ਨੇ ਐੱਸਐੱਚਓ ਅਤੇ ਡੀਐੱਸਪੀ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਧਰਨਾਕਾਰੀਆਂ ਨੇ ਕਿਹਾ ਕਿ ਜਦੋਂ ਤੱਕ ਸਬੰਧਤ ਪੁਲੀਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਜਾਂਦੀ ਇਹ ਧਰਨਾ ਜਾਰੀ ਰਹੇਗਾ। ਧਰਨੇ ਕਾਰਨ ਡੇਰਾ ਬਾਬਾ ਨਾਨਕ ਤੋਂ ਅੰਮ੍ਰਿਤਸਰ ਮਾਰਗ ’ਤੇ ਜਾਮ ਲੱਗਣ ਕਾਰਨ ਆਵਾਜਾਈ ਵਿੱਚ ਵਿਘਨ ਪਿਆ। ਇਸ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।