ਪ੍ਰਾਇਮਰੀ ਸਿਹਤ ਕੇਂਦਰ ਦਾ ਦਰਜਾ ਘਟਾਉਣ ਖ਼ਿਲਾਫ਼ ਵਿਖਾਵਾ
ਕੇਂਦਰ ਦਾ ਪਹਿਲਾਂ ਵਾਲਾ ਦਰਜਾ ਬਹਾਲ ਕਰਨ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ
Advertisement
ਜ਼ਿਲ੍ਹੇ ਦੇ ਪਿੰਡ ਕਿਰਤੋਵਾਲ ਵਿੱਚ ਬੀਤੇ ਦਹਾਕਿਆਂ ਤੋਂ ਚੱਲ ਰਹੇ ਮਿਨੀ ਪੀ ਐੱਚ ਸੀ (ਪ੍ਰਾਇਮਰੀ ਸਿਹਤ ਕੇਂਦਰ) ਦਾ ਦਰਜਾ ਘਟਾ ਕੇ ਇਸ ਨੂੰ ਆਮ ਆਦਮੀ ਕਲੀਨਿਕ ਬਣਾ ਦੇਣ ਖ਼ਿਲਾਫ਼ ਅੱਜ ਕਿਰਤੋਵਾਲ ਪਿੰਡ ਵਿੱਚ ਇਲਾਕੇ ਦੇ ਵੱਖ ਵੱਖ ਪਿੰਡਾਂ ਦੇ ਲੋਕਾਂ ਨੇ ਰੋਸ ਵਿਖਾਵਾ ਕੀਤਾ| ਜ਼ਿਲ੍ਹਾ ਕਮੇਟੀ ਦੇ ਪ੍ਰਧਾਨ ਹਰਮਿੰਦਰ ਸਿੰਘ ਗਿੱਲ ਨੇ ਵਿਖਾਵਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਨੇ ਅਜਿਹਾ ਕਰ ਕੇ ਮਿਨੀ ਸਿਹਤ ਕੇਂਦਰ ਤੋਂ ਇਲਾਕੇ ਦੇ ਛੇ ਦੇ ਕਰੀਬ ਪਿੰਡਾਂ ਦੇ ਲੋਕਾਂ ਨੂੰ ਮਿਲਦੀਆਂ ਬਿਹਤਰ ਸਹੂਲਤਾਂ ਖੋਹ ਲਈਆਂ ਹਨ| ਸਰਕਾਰ ਦੀ ਇਸ ਨੀਤੀ ਖਿਲਾਫ਼ ਨੇੜੇ ਦੇ ਪਿੰਡ ਪ੍ਰਿੰਗੜੀ, ਤੁੰਗ, ਜਿੰਦਾਵਾਲਾ, ਕਿਰਤੋਵਾਲ ਖ਼ੁਰਦ ਅਤੇ ਕਿਰਤੋਵਾਲ ਕਲਾਂ ਦੇ ਵਸਨੀਕਾਂ ਨੇ ਸਿਹਤ ਕੇਂਦਰ ਦਾ ਪਹਿਲਾਂ ਵਾਲਾ ਦਰਜਾ ਬਹਾਲ ਕੀਤੇ ਜਾਣ ਤੱਕ ਆਪਣਾ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ| ਹਰਮਿੰਦਰ ਸਿੰਘ ਗਿੱਲ ਨੇ ਇਸ ਸਿਹਤ ਕੇਂਦਰ ਦਾ ਦਰਜਾ ਘਟਾਉਣ ਪਿੱਛੇ ਵਿਭਾਗ ਦੇ ਅਧਿਕਾਰੀਆਂ ਵਲੋਂ ਆਪਣੇ ਨਿੱਜੀ ਮੁਫਾਦਾਂ ਨੂੰ ਅੱਗੇ ਰੱਖੇ ਜਾਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਵਿਭਾਗ ਨੇ ਇਲਾਕੇ ਦੇ 6 ਪਿੰਡਾਂ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਤੋਂ ਵਾਂਝਾ ਕਰ ਦਿੱਤਾ ਹੈ। ਸੰਪਰਕ ਕਰਨ ’ਤੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਕਿਹਾ ਕਿ ਇਹ ਕਾਰਵਾਈ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੀਤੀ ਗਈ ਹੈ ਅਤੇ ਇੱਥੋਂ ਦੇ ਵਾਧੂ ਪੈਰਾ ਮੈਡੀਕਲ ਸਟਾਫ਼ ਨੂੰ ਘੜਿਆਲਾ, ਸਭਰਾ ਆਦਿ ਦੇ ਸਮੂਹਿਕ ਸਿਹਤ ਕੇਂਦਰਾਂ ਵਿਖੇ ਭੇਜਿਆਂ ਜਾ ਰਿਹਾ ਹੈ।
Advertisement
Advertisement