ਝੋਨੇ ਦੀ ਖਰੀਦ ’ਚ ਹੁੰਦੀ ਲੁੱਟ ਬੰਦ ਕਰਨ ਦੀ ਮੰਗ
ਕਿਸਾਨਾਂ ਵੱਲੋਂ ਸਰਕਾਰ ਨੂੰ ਮੰਗ ਪੱਤਰ
Advertisement
ਸੰਯੁਕਤ ਕਿਸਾਨ ਮੋਰਚਾ ਪੰਜਾਬ ਚੈਪਟਰ ਵਿੱਚ ਸ਼ਾਮਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਵਫ਼ਦ ਨੇ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਮੰਗ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਅਨਾਜ ਮੰਡੀਆਂ ਵਿੱਚ ਬਾਸਮਤੀ ਅਤੇ ਝੋਨੇ ਦੀ ਖਰੀਦ ਵਿੱਚ ਕਿਸਾਨਾਂ ਦੀ ਹੋ ਰਹੀ ਲੁੱਟ ਨੂੰ ਬੰਦ ਕਰਵਾਇਆ ਜਾਵੇ ਅਤੇ ਹੜ੍ਹਾਂ ਨਾਲ ਮਾਰੀਆਂ ਗਈਆਂ ਫ਼ਸਲਾਂ ਅਤੇ ਹੋਰ ਜਾਨੀ ਮਾਲੀ ਨੁਕਸਾਨ ਦਾ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ। ਇਸ ਵਫ਼ਦ ਦੀ ਅਗਵਾਈ ਡਾਕਟਰ ਸਤਨਾਮ ਸਿੰਘ ਅਜਨਾਲਾ, ਜਤਿੰਦਰ ਸਿੰਘ ਛੀਨਾ, ਹਰਪਾਲ ਸਿੰਘ ਛੀਨਾ ਅਤੇ ਹਰਜੀਤ ਸਿੰਘ ਝੀਤੇ ਆਦਿ ਕਿਸਾਨ ਆਗੂਆਂ ਨੇ ਕੀਤੀ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਅਨਾਜ ਮੰਡੀਆਂ ਵਿੱਚ ਝੋਨੇ ਅਤੇ ਬਾਸਮਤੀ ਦੀ ਲੁੱਟ ਕੀਤੀ ਜਾ ਰਹੀ ਹੈ। ਪਿਛਲੇ ਸਾਲਾਂ ਵਿੱਚ ਬਾਸਮਤੀ 1509 ਪ੍ਰਤੀ ਕੁਇੰਟਲ ਚਾਰ ਤੋਂ ਪੰਜ ਹਜ਼ਾਰ ਰੁਪਏ ਵਿਕਦੀ ਰਹੀ ਹੈ, ਉਹੀ ਬਾਸਮਤੀ ਅੱਜ ਮੰਡੀਆਂ ਵਿੱਚ 2500 ਤੋਂ 2900 ਰੁਪਏ ਪ੍ਰਤੀ ਕੁਇੰਟਲ ਵਿਕ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਖਰੀਦ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਨਮੀ ਵਾਲੀ ਫਸਲ ਦਾ ਬਹਾਨਾ ਬਣਾ ਕੇ 200-300 ਰੁਪਏ ਘੱਟ ਭਾਅ ਤੇ ਝੋਨੇ ਦੀ ਖ੍ਰੀਦ ਕੀਤੀ ਜਾ ਰਹੀ ਹੈ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਲੰਘੇ ਸਾਲ ਵੀ ਪ੍ਰਾਈਵੇਟ ਵਪਾਰੀਆਂ ਵੱਲੋਂ ਝੋਨਾ ਸਸਤੇ ਭਾਅ ਲੈ ਕੇ ਬਾਅਦ ਵਿੱਚ ਸਰਕਾਰੀ ਭਾਅ ’ਤੇ ਵੇਚ ਕੇ ਕਿਸਾਨਾਂ ਦੀ 4000 ਕਰੋੜ ਦੀ ਲੁੱਟ ਕੀਤੀ ਸੀ। ਆਗੂਆਂ ਨੇ ਕਿਹਾ ਕਿ ਹੜ੍ਹਾਂ ਅਤੇ ਮੀਂਹ ਨਾਲ ਪੰਜਾਬ ਅੰਦਰ ਫਸਲਾਂ ਦਾ ਅਤੇ ਜਾਨ ਮਾਲ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕੇ ਝੋਨੇ ਦਾ ਭਾਅ ਪ੍ਰਤੀ ਕੁਇੰਟਲ 2389 ਰੁਪਏ, ਬਾਸਮਤੀ 1509 / 1692 ਪ੍ਰਤੀ ਕੁਇੰਟਲ 5000 ਰੁਪਏ, ਬਾਸਮਤੀ 1718/1121 ਪ੍ਰਤੀ ਕੁਇੰਟਲ 6000 ਰੁਪਏ ਖਰੀਦ ਨੂੰ ਯਕੀਨੀ ਬਣਾਇਆ ਜਾਵੇ। ਪੰਜਾਬ ਸਰਕਾਰ ਵੱਲੋਂ ਕੀਤੇ ਵਾਅਦੇ ਕਿ ਜੇਕਰ ਬਾਸਮਤੀ ਦਾ ਰੇਟ 3500 ਪ੍ਰਤੀ ਕੁਇੰਟਲ ਤੋਂ ਘਟੇਗਾ ਤਾਂ ਸਰਕਾਰ ‘ਆਪ’ ਖਰੀਦੇਗੀ, ਨੂੰ ਲਾਗੂ ਕੀਤਾ ਜਾਵੇ। ਵਫ਼ਦ ਵਿੱਚ ਰਤਨ ਸਿੰਘ ਰੰਧਾਵਾ, ਗੁਰਮੇਜਸਿੰਘ ਤਿੰਮੋਵਾਲ, ਸਤਨਾਮ ਸਿੰਘ ਝੰਡੇਰ, ਮੇਜਰ ਸਿੰਘ ਜੌਹਲ, ਹਰਪਾਲ ਸਿੰਘ ਛੀਨਾ, ਮਾਸਟਰ ਅਮਰੀਕ ਸਿੰਘ, ਕਾਬਲ ਸਿੰਘ ਛੀਨਾ ਆਦਿ ਆਗੂ ਹਾਜ਼ਰ ਸਨ।
Advertisement
Advertisement