ਅੰਮ੍ਰਿਤਸਰ ਬਾਈਪਾਸ ਤੋਂ ਏਅਰਪੋਰਟ ਰੋਡ ਤੱਕ ਪੁਲ ਬਣਾਉਣ ਦੀ ਮੰਗ
ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ ਬਾਈਪਾਸ ਤੋਂ ਏਅਰਪੋਰਟ ਰੋਡ (ਐੱਨ ਐੱਚ-1) ਤੱਕ ਜਾਮ ਦੀ ਸਮੱਸਿਆ ਦੇ ਪੱਕੇ ਹੱਲ ਲਈ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੂੰ ਪੱਤਰ ਲਿਖਿਆ। ਔਜਲਾ ਨੇ ਕਿਹਾ ਕਿ ਜਾਮ ਕਾਰਨ ਲੋਕ ਕਾਫ਼ੀ ਪ੍ਰੇਸ਼ਾਨ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਪੂਰੇ ਹਿੱਸੇ ਲਈ ਫਲਾਈਓਵਰ ਮਨਜ਼ੂਰ ਕੀਤਾ ਜਾਵੇ ਤਾਂ ਜੋ ਅੰਮ੍ਰਿਤਸਰ ਸ਼ਹਿਰ ਨੂੰ ਜਾਮ ਤੋਂ ਨਿਜਾਤ ਮਿਲ ਸਕੇ। ਸੰਸਦ ਮੈਂਬਰ ਔਜਲਾ ਨੇ ਲਿਖਿਆ ਕਿ ਅੰਮ੍ਰਿਤਸਰ ਬਾਈਪਾਸ ਦੀ ਹਾਲਤ ਹੁਣ ਆਮ ਟਰੈਫਿਕ ਪ੍ਰਬੰਧਨ ਨਾਲ ਨਹੀਂ ਸੰਭਾਲੀ ਜਾ ਸਕਦੀ। ਏਅਰਪੋਰਟ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਦਿਨ ਬ ਦਿਨ ਵਧ ਰਹੀ ਹੈ। ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਸਿਰਫ ਪੰਜਾਬ ਹੀ ਨਹੀਂ, ਸਗੋਂ ਆਲੇ-ਦੁਆਲੇ ਦੇ ਸੂਬਿਆਂ ਲਈ ਵੀ ਮਹੱਤਵਪੂਰਨ ਹੈ। ਇਸ ਰਾਹ ’ਤੇ ਹਮੇਸ਼ਾਂ ਯਾਤਰੀਆਂ ਅਤੇ ਸੈਲਾਨੀਆਂ ਦੀ ਭਾਰੀ ਆਵਾਜਾਈ ਰਹਿੰਦੀ ਹੈ।ਇਹ ਬਾਈਪਾਸ ਭਾਰੀ ਵਾਹਨਾਂ, ਕੰਟੇਨਰ ਟਰੱਕਾਂ ਅਤੇ ਵਪਾਰਕ ਆਵਾਜਾਈ ਦਾ ਮੁੱਖ ਰਾਹ ਹੈ।ਅਟਾਰੀ ਬਾਰਡਰ ਵੱਲ ਜਾਣ ਵਾਲੇ ਸੁਰੱਖਿਆ ਬਲਾਂ ਦੀ ਆਵਾਜਾਈ ਵੀ ਇਧਰੋਂ ਹੁੰਦੀ ਹੈ। ਔਜਲਾ ਨੇ ਮੰਗ ਕੀਤੀ ਕਿ ਗੁਮਟਾਲਾ ਤੋਂ ਸ਼ੁਰੂ ਹੋ ਕੇ ਇਨ ਐਂਡ ਆਊਟ ਬੇਕਰੀ, ਪੈਟਰੋਲ ਪੰਪ ਵਾਲਾ ਮੋੜ, ਲੋਹਾਰਕਾ ਰੋਡ ਨਾਲ ਜੁੜਦੇ ਨਵੇਂ ਫਲਾਈਓਵਰ ਅਤੇ ਅੱਗੇ ਰੋਇਲ ਨਰਸਰੀ ਪਾਇੰਟ ਤੱਕ ਇੱਕ ਫਲਾਈਓਵਰ ਮਨਜ਼ੂਰ ਕੀਤਾ ਜਾਵੇ।
