ਐਕੁਆਇਰ ਜ਼ਮੀਨਾਂ ਲਈ ਬਰਾਬਰ ਮੁਆਵਜ਼ਾ ਦੇਣ ਦੀ ਮੰਗ
ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 19 ਜੂਨ
ਭਾਰਤ ਮਾਲਾ ਪ੍ਰਾਜੈਕਟ ਤਹਿਤ ਬਣਾਏ ਜਾ ਰਹੇ ਦਿੱਲੀ ਕੱਟੜਾ ਐਕਸਪ੍ਰੈੱਸ ਹਾਈਵੇਅ ਲਈ ਐਕੁਵਾਇਰ ਹੋਈ ਜ਼ਮੀਨ ਨਾਲ ਸਬੰਧਤ ਕਿਸਾਨਾਂ ਵੱਲੋਂ ਬਰਾਬਰ ਦਾ ਮੁਆਵਜ਼ਾ ਲੈਣ ਲਈ ਵੱਡਾ ਇਕੱਠ ਕੀਤਾ ਗਿਆ। ਇਕੱਠ ਨੂੰ ਸੰਬੋਧਨ ਕਰਦਿਆ ਕਿਸਾਨ ਆਗੂ ਗੁਰਮੇਜ ਸਿੰਘ ਖੱਖ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਨਛੱਤਰ ਸਿੰਘ, ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਜਸਬੀਰ ਸਿੰਘ ਆਹਲੂਵਾਲੀਆ ਤੇ ਅਮਰਜੀਤ ਸਿੰਘ ਝੰਡੇਰ ਨੇ ਆਖਿਆ ਕਿ ਕੇਂਦਰ ਸਰਕਾਰ ਐਕਸਪ੍ਰੈੱਸ ਹਾਈਵੇਅ ਦੇ ਨਾਂਅ ਹੇਠ ਐਕੁਆਇਰ ਕੀਤੀ ਜ਼ਮੀਨ ਨਾਲ ਕਿਸਾਨਾਂ ਦਾ ਉਜਾੜਾ ਕਰ ਰਹੀ ਹੈ। ਐਕੁਆਇਰ ਕੀਤੀ ਜ਼ਮੀਨ ਦਾ ਬਰਾਬਰ ਮੁੱਲ ਨਹੀਂ ਦਿੱਤਾ ਜਾ ਰਿਹਾ।
ਉਨ੍ਹਾਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਆਖਿਆ ਕਿ ਜ਼ਿਲ੍ਹਾ ਤਰਨ ਤਾਰਨ ਨਾਲ ਸਬੰਧਤ ਪਿੰਡ ਝੰਡੇਰ ਮਹਾਂਪੁਰਖਾਂ ਅਤੇ ਖੱਖ ਦੇ 100 ਦੇ ਕਰੀਬ ਪਰਿਵਾਰਾ ਨੇ ਅਜੇ ਤੱਕ ਐਕੁਆਇਰ ਜ਼ਮੀਨ ਦਾ ਮੁਆਵਜ਼ਾ ਨਹੀਂ ਲਿਆ। ਉਨ੍ਹਾਂ ਆਖਿਆ ਕਿ ਉਹ ਆਪਣੀ ਜ਼ਮੀਨ ਸਰਕਾਰ ਨੂੰ ਦੇਣ ਲਈ ਵਚਨਬੱਧ ਹਨ ਪਰ ਸਰਕਾਰ ਪੱਖਪਾਤ ਵਾਲਾ ਰਵੱਈਆ ਤਿਆਗ ਕੇ ਸਾਰੇ ਕਿਸਾਨਾਂ ਨੂੰ ਬਰਾਬਰ ਦਾ ਮੁਆਵਜ਼ਾ ਦੇਵੇ।
ਕਿਸਾਨ ਆਗੂ ਗੁਰਮੇਜ ਸਿੰਘ ਖੱਖ ਤੇ ਅਮਰਜੀਤ ਸਿੰਘ ਝੰਡੇਰ ਨੇ ਦੱਸਿਆ ਕਿ ਪਿੰਡ ਝੰਡੇਰ ਮਹਾਂਪੁਰਖ ਅਤੇ ਪਿੰਡ ਖੱਖ ਦੀ ਸਵਾ ਸੋ ਕਿਲੇ ਦੀ ਜ਼ਮੀਨ ਨਾਲ ਗੱਲਬਾਤ 50 ਦੇ ਕਰੀਬ ਕਿਸਾਨਾਂ ਨੇ ਅਜੇ ਤੱਕ ਮੁਆਵਜ਼ਾ ਨਹੀਂ ਲਿਆ। ਉਨ੍ਹਾਂ ਕੇਂਦਰ ਤੇ ਪੰਜਾਬ ਸਰਕਾਰ ਕੋਲੋਂ ਮੰਗ ਕਰਦਿਆ ਆਖਿਆ ਕਿ ਹਰ ਕਿਸਾਨ ਨੂੰ ਐਕੁਆਇਰ ਜ਼ਮੀਨ ਦਾ ਬਰਾਬਰ ਦਾ ਮੁਆਵਜ਼ਾ ਦੇਣ ਦੇ ਨਾਲ ਉਨ੍ਹਾਂ ਦੀ ਹਾਈਵੇਅ ਦੌਰਾਨ ਵੰਡੀ ਗਈ ਜ਼ਮੀਨ ਨਾਲ ਜੁੜੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਜਾਵੇ। ਇਸ ਮੌਕੇ ਰਸ਼ਪਾਲ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਸੁਖਚੈਨ ਸਿੰਘ, ਨਾਜਰ ਸਿੰਘ, ਹਰਵਿੰਦਰ ਸਿੰਘ ਵਲੀਪੁਰ, ਸਤਪਾਲ ਸਿੰਘ ਨੱਥੋਕੇ ਸਕੱਤਰ, ਬਾਬਾ ਗੁਰਦਿਆਲ ਸਿੰਘ ਖੱਖ, ਬਾਬਾ ਇੰਦਰਜੀਤ ਸਿੰਘ ਖੱਖ, ਜਥੇਦਾਰ ਫੂਲਾ ਸਿੰਘ, ਗਿਆਨ ਸਿੰਘ ਖੱਖ, ਸਤਨਾਮ ਸਿੰਘ ਖੱਖ, ਖਜਾਨ ਸਿੰਘ, ਨਿਰਮਲ ਸਿੰਘ ਖੱਖ ਤੇ ਦਲਬੀਰ ਸਿੰਘ ਖੱਖ ਆਦਿ ਹਾਜ਼ਰ ਸਨ।