ਮਨਰੇਗਾ ਕਾਮਿਆਂ ਦਾ ਮਿਹਨਤਾਨਾ ਜਲਦ ਦੇਣ ਦੀ ਮੰਗ
ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਹੇਸ ਰਾਜ ਪੱਬਮਾ ਅਤੇ ਨੌਜਵਾਨ ਭਾਰਤ ਸਭਾ ਦੇ ਜ਼ਿਲ੍ਹਾ ਆਗੂ ਸੋਨੂੰ ਅਰੋੜਾ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਦੇ ਮਨਰੇਗਾ ਕਾਮਿਆਂ ਦੀ 6 ਕਰੋੜ 93 ਲੱਖ 35 ਹਜ਼ਾਰ ਦੇ ਬਣਦੇ ਮਿਹਨਤਾਨੇ ਦੀ ਬਕਾਇਆ ਰਾਸ਼ੀ ਨਾ ਦੇਣ ਦੀ ਨਿਖੇਧੀ ਕਰਦਿਆਂ ਇਸ ਨੂੰ ਘੋਰ ਬੇਇਨਸਾਫ਼ੀ ਦੱਸਿਆ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਅਪਰੈਲ ਤੋਂ ਲੈ ਕੇ ਅਗਸਤ ਤੱਕ ਜਿਹੜੇ ਮਨਰੇਗਾ ਮਜ਼ਦੂਰਾਂ ਨੇ ਫਿਲੌਰ ਤੋਂ ਗਿੱਦੜਪਿੰਡੀ ਤੱਕ ਧੁੱਸੀ ਬੰਨ੍ਹ ਨੂੰ ਮਜ਼ਬੂਤ ਕੀਤਾ ਸੀ, ਉਹ ਅਜੇ ਵੀ ਮਜ਼ਦੂਰੀ ਲੈਣ ਨੂੰ ਤਰਸ ਰਹੇ ਹਨ। ਬਲਾਕ ਵਾਈਜ਼ ਖੜ੍ਹੀ ਰਾਸ਼ੀ ਬਾਰੇ ਦੱਸਦਿਆਂ ਮਜ਼ਦੂਰ ਆਗੂਆਂ ਨੇ ਕਿਹਾ ਕਿ ਬਲਾਕ ਲੋਹੀਆਂ ਖਾਸ ’ਚ 50 ਲੱਖ, ਸ਼ਾਹਕੋਟ ’ਚ 33 ਲੱਖ 87 ਹਜ਼ਾਰ ਅਤੇ ਮਹਿਤਪੁਰ ’ਚ 1 ਕਰੋੜ 25 ਲੱਖ 87 ਹਜ਼ਾਰ ਰੁਪਏ ਦਾ ਬਕਾਇਆ ਮਨਰੇਗਾ ਮਜ਼ਦੂਰਾਂ ਦਾ ਖੜ੍ਹਾ ਹੈ। ਉਨ੍ਹਾਂ ਮੰਗ ਕੀਤੀ ਕਿ ਮਨਰੇਗਾ ਮਜ਼ਦੂਰਾਂ ਨੂੰ ਕੰਮ ਦਿੱਤਾ ਜਾਵੇ ਤਾਂ ਕਿ ਹੜ੍ਹਾਂ ਅਤੇ ਬਾਰਿਸ਼ਾਂ ਕਾਰਨ ਪੰਜਾਬ ਦੇ ਹੋਏ ਨੁਕਸਾਨ ਨੂੰ ਪੈਰਾਂ ਸਿਰ ਲਿਆਉਣ ਵਿੱਚ ਉਹ ਆਪਣਾ ਯੋਗਦਾਨ ਪਾ ਸਕਣ, ਹੜ੍ਹਾਂ ਅਤੇ ਮੀਂਹ ਨਾਲ ਗਾਰਡਰਾਂ ਅਤੇ ਬਾਲਿਆਂ ਦੀਆਂ ਛੱਤਾਂ ਵਾਲੇ ਮਜ਼ਦੂਰਾਂ ਨੂੰ ਰਹਿਣਯੋਗ ਘਰ ਉਸਾਰ ਕੇ ਦਿੱਤੇ ਜਾਣ, ਕੰਮ ਤੋਂ ਵਿਹਲੇ ਬੈਠੇ ਮਜ਼ਦੂਰ ਪਰਿਵਾਰਾਂ ਨੂੰ 20 ਹਜ਼ਾਰ ਰੁਪਏ ਪ੍ਰਤੀ ਮਹੀਨਾ ਖੁਰਾਕੀ ਭੱਤਾ ਦਿੱਤਾ ਜਾਵੇ ਅਤੇ ਮਨਰੇਗਾ ਵਰਕਰਾਂ ਦੇ ਮਿਹਨਤਾਨੇ ਦਾ ਬਣਦਾ ਬਕਾਇਆ ਦਿੱਤਾ ਜਾਵੇ।