ਫ਼ੌਜੀ ਵਾਹਨ ਦੀ ਲਪੇਟ ’ਚ ਆਉਣ ਕਾਰਨ ਮੌਤ
ਮਾਮੂਨ ਪੁਲੀਸ ਚੌਕੀ ਦੇ ਏ ਐੱਸ ਆਈ ਕੇਵਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਅਮਿਤ ਕੁਮਾਰ (31) ਪੁੱਤਰ ਜਨਮ ਸਿੰਘ ਵਜੋਂ ਹੋਈ ਹੈ, ਜੋ ਪਿੰਡ ਭਾਟੀ, ਤਹਿਸੀਲ ਸ਼ਾਹਪੁਰ, ਜ਼ਿਲ੍ਹਾ ਕਾਂਗੜਾ (ਹਿਮਾਚਲ ਪ੍ਰਦੇਸ਼) ਦਾ ਰਹਿਣ ਵਾਲਾ ਸੀ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਅਮਿਤ ਕੁਮਾਰ ਅੰਮ੍ਰਿਤਸਰ ਵਿੱਚ ਨਿੱਜੀ ਕੰਪਨੀ ਵਿੱਚ ਇਲੈਕਟਰੀਸ਼ੀਅਨ ਦਾ ਕੰਮ ਕਰਦਾ ਸੀ। ਉਹ ਅੱਜ ਸਵੇਰੇ ਆਪਣੇ ਘਰੋਂ ਅੰਮ੍ਰਿਤਸਰ ਲਈ ਨਿਕਲਿਆ ਸੀ ਅਤੇ ਸਵੇਰੇ ਜਦ ਉਹ ਜੰਡਵਾਲ ਨੇੜੇ ਰਿਲਾਇੰਸ ਪੈਟਰੋਲ ਪੰਪ ’ਤੇ ਪਹੁੰਚਿਆ ਤਾਂ ਉਸ ਨੂੰ ਅਣਪਛਾਤੇ ਫੌਜੀ ਵਾਹਨ ਨੇ ਟੱਕਰ ਮਾਰ ਦਿੱਤੀ। ਇਸ ਨਾਲ ਅਮਿਤ ਕੁਮਾਰ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੇ ਮਾਮਾ ਸਾਬਕਾ ਸੂਬੇਦਾਰ ਕੈਪਟਨ ਸਿੰਘ ਨੇ ਘਟਨਾ ਬਾਰੇ ਪੁਲੀਸ ਨੂੰ ਸੂਚਿਤ ਕੀਤਾ। ਕੈਪਟਨ ਸਿੰਘ ਦੇ ਬਿਆਨ ਦੇ ਆਧਾਰ ’ਤੇ ਪੁਲੀਸ ਨੇ ਫੌਜ ਦੀ ਗੱਡੀ ਦੇ ਅਣਪਛਾਤੇ ਡਰਾਈਵਰ ਵਿਰੁੱਧ ਮਾਮਲਾ ਦਰਜ ਕਰ ਦਿੱਤਾ ਹੈ। ਪੁਲੀਸ ਮ੍ਰਿਤਕ ਨੂੰ ਟੱਕਰ ਮਾਰਨ ਵਾਲੀ ਗੱਡੀ ਦੀ ਪਛਾਣ ਕਰਨ ਲਈ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ। ਪੋਸਟਮਾਰਟਮ ਕਰਵਾਉਣ ਬਾਅਦ, ਪੁਲੀਸ ਨੇ ਮ੍ਰਿਤਕ ਦੀ ਲਾਸ਼ ਉਸ ਦੇ ਪਰਿਵਾਰ ਨੂੰ ਸੌਂਪ ਦਿੱਤੀ। ਏਐਸਆਈ ਕੇਵਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
