ਹੜ੍ਹਾਂ ਕਾਰਨ ਨੁਕਸਾਨ: ਕਿਸਾਨਾਂ ਨੇ ਡੀਸੀ ਦਫਤਰਾਂ ਵਿੱਚ ਮੰਗ ਪੱਤਰ ਸੌਂਪੇ
ਸੰਯੁਕਤ ਕਿਸਾਨ ਮੋਰਚੇ ਗੈਰ ਸਿਆਸੀ ਵੱਲੋਂ ਪੂਰੇ ਪੰਜਾਬ ਵਿੱਚ ਹੜ੍ਹਾਂ ਦੇ ਨੁਕਸਾਨ ਦੀ ਪੂਰਤੀ ਵਾਸਤੇ ਡੀਸੀ ਦਫਤਰਾਂ ਵਿਚ ਮੰਗ ਪੱਤਰ ਦਿੱਤੇ ਗਏ। ਇਸੇ ਪ੍ਰੋਗਰਾਮ ਤਹਿਤ ਡੀਸੀ ਦਫ਼ਤਰ ਵਿਖੇ ਕਿਸਾਨ ਆਗੂ ਮੰਗਲ ਸਿੰਘ ਰਾਮਪੁਰਾ, ਅਨੋਖ ਸਿੰਘ ਚਾਟੀਵਿੰਡ ਤੇ ਬਚਿੱਤਰ ਸਿੰਘ ਕੋਟਲਾ ਦੀ ਅਗਵਾਈ ਵਿੱਚ ਪੀਸੀਐਸ ਸੁਖਪ੍ਰੀਤ ਸਿੰਘ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰਾਂ ਦੀਆਂ ਗਲਤੀਆਂ ਨਾਲ ਆਏ ਹੜ੍ਹਾਂ ਨੇ ਪੰਜਾਬ ਵਿੱਚ ਤਬਾਹੀ ਮਚਾਈ, ਕਿਸਾਨਾਂ ਮਜ਼ਦੂਰਾਂ ਨੂੰ ਘਰੋਂ ਬੇਘਰ ਕੀਤਾ, ਕਿਸਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਜਾਨੀ ਮਾਲੀ ਨੁਕਸਾਨ ਹੋਇਆ ਤੇ ਪਸ਼ੂ ਧਨ ਰੁੜ ਗਿਆ ਅਤੇ ਫਸਲਾਂ ਤਹਿਸ ਨਹਿਸ ਹੋ ਗਈਆਂ। ਕਿਸਾਨ ਆਗੂਆਂ ਨੇ ਕਿਹਾ ਕਿ ਇਸ ਦਾ ਜ਼ਿੰਮੇਵਾਰ ਕੌਣ ਹੈ, ਕਿਉਂਕਿ 70 ਸਾਲਾਂ ਤੋਂ ਅੱਜ ਤੱਕ ਸਰਕਾਰਾਂ ਵਲੋਂ ਹੜ੍ਹਾਂ ਨੂੰ ਰੋਕਣ ਦੇ ਕੋਈ ਖਾਸ ਪ੍ਰਬੰਧ ਹੀ ਨਹੀਂ ਕੀਤੇ ਗਏ। ਸਿਰਫ ਤੇ ਸਿਰਫ ਸਿਆਸਤ ਅਤੇ ਕਾਗਜ਼ਾਂ ਵਿੱਚ ਹੀ ਬੰਨ੍ਹਾਂ ਦੀ ਮੁਰੰਮਤ ਅਤੇ ਸਫਾਈਆਂ ਕੀਤੀਆਂ ਜਾਂਦੀਆਂ ਹਨ। ਆਗੂਆਂ ਨੇ ਕਿਹਾ ਪੰਜਾਬ ਦੀ ਮਾਨ ਸਰਕਾਰ ਬਿਨਾਂ ਪੱਖਪਾਤ ਹਰੇਕ ਕਿਸਾਨ ਮਜ਼ਦੂਰ ਨੂੰ ਬਣਦਾ ਮੁਆਵਜ਼ਾ ਦੇਵੇ।