ਫਾਸ਼ੀਵਾਦ ਵਿਰੋਧੀ ਮੋਰਚੇ ਵੱਲੋਂ ਕਨਵੈਨਸ਼ਨ
ਫਾਸ਼ੀਵਾਦ ਵਿਰੋਧੀ ਮੋਰਚਾ ਪੰਜਾਬ ਦੀ ਅੰਮ੍ਰਿਤਸਰ ਜ਼ਿਲ੍ਹੇ ਦੀ ਇਕਾਈ ਨੇ ਕਨਵੈਨਸ਼ਨ ਕਰਕੇ ਦੇਸ਼ ਅੰਦਰ ਦਿਨੋਂ ਦਿਨ ਵਧ ਰਹੇ ਜਮਹੂਰੀਅਤ ਨੂੰ ਖਤਰੇ ’ਤੇ ਗੰਭੀਰ ਚਿੰਤਾ ਪ੍ਰਗਟ ਕੀਤੀ। ਅੱਜ ਕੰਪਨੀ ਬਾਗ ਵਿੱਚ ਇਕੱਤਰ ਹੋਏ ਖੱਬੇਪੱਖੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਸੀਪੀਆਈ ਪੰਜਾਬ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਦੋਸ਼ ਲਾਇਆ ਕਿ ਮੋਦੀ ਹਕੂਮਤ ਲਗਾਤਾਰ ਆਪਣੇ ਵਿਰੋਧੀਆਂ ਦੀ ਅਵਾਜ਼ ਬੰਦ ਕਰਕੇ ਉਨ੍ਹਾਂ ਨੂੰ ਜੇਲ੍ਹਾਂ ਅੰਦਰ ਬੰਦ ਕਰ ਰਹੀ ਹੈ। ਖਾਸ ਕਰਕੇ ਜਲ, ਜੰਗਲ ਤੇ ਜ਼ਮੀਨ ਦੀ ਰਾਖੀ ਕਰਨ ਵਾਲਿਆਂ ਨੂੰ ਝੂਠੇ ਪੁਲੀਸ ਮੁਕਾਬਲਿਆਂ ਰਾਹੀਂ ਖਤਮ ਕੀਤਾ ਜਾ ਰਿਹਾ ਹੈ। ਕਨਵੈਨਸ਼ਨ ਨੂੰ ਸੀਪੀਐੱਮ ਲਿਬਰੇਸ਼ਨ ਦੇ ਸਕੱਤਰ ਗੁਰਮੀਤ ਸਿੰਘ ਬਖਤੂਪੁਰ ਨੇ ਸੰਬੋਧਨ ਕਰਦਿਆਂ ਬਿਹਾਰ ਅੰਦਰ ਚੋਣ ਕਮਿਸ਼ਨ ਵੱਲੋਂ ਵੋਟਰ ਸੁਧਾਈ ਦੇ ਨਾਮ ’ਤੇ ਵੋਟਾਂ ਕੱਟਣ ਦੀ ਨਿਖੇਧੀ ਕੀਤੀ।
ਜਮਹੂਰੀ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ ਨੇ ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਦੇ ਨਾਮ ਉੱਪਰ ਕਿਸਾਨਾਂ ਦੀਆਂ ਜ਼ਮੀਨਾਂ ਜਬਰੀ ਹਥਿਆਉਣ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਵੱਲੋਂ 24 ਸਤੰਬਰ ਨੂੰ ਲੁਧਿਆਣਾ ਦੇ ਸਮਰਾਲਾ ਵਿੱਚ ਕੀਤੀ ਜਾਣ ਵਾਲੀ ਰੈਲੀ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਜਤਿੰਦਰ ਸਿੰਘ ਛੀਨਾ ਨੇ ਪੰਜਾਬ ਸਰਕਾਰ ਦੇ ਯੁੱਧ ਨਸ਼ਿਆਂ ਵਿਰੁੱਧ ਨੀਤੀ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਨੀਤੀ ਦਾ ਪ੍ਰਚਾਰ ਜ਼ਿਆਦਾ ਹੈ, ਪਰ ਅਮਲ ਘੱਟ ਹੈ। ਅੱਜ ਦੀ ਕਨਵੈਨਸ਼ਨ ਨੂੰ ਅਮਰਜੀਤ ਸਿੰਘ ਆਸਲ, ਲਖਬੀਰ ਸਿੰਘ ਨਿਜਾਮਪੁਰ, ਰਤਨ ਸਿੰਘ ਰੰਧਾਵਾ ਆਦਿ ਨੇ ਨੇ ਵੀ ਸੰਬੋਧਨ ਕੀਤਾ।