ਠੇਕਾ ਮੁਲਾਜ਼ਮਾਂ ਵੱਲੋਂ ਡਿਪਟੀ ਚੀਫ ਇੰਜਨੀਅਰ ਦੇ ਦਫਤਰ ਅੱਗੇ ਧਰਨਾ
ਐਨ.ਪੀ. ਧਵਨ
ਪਠਾਨਕੋਟ, 24 ਜੂਨ
ਪਾਵਰਕੌਮ ਦੀ ਟੈਕਨੀਕਲ ਸਰਵਿਸ ਯੂਨੀਅਨ ਅਤੇ ਕੋਆਰਡੀਨੇਸ਼ਨ ਕਮੇਟੀ ਦੇ ਸੱਦੇ ’ਤੇ ਅੱਜ ਕੰਟਰੈਕਟ ਮੁਲਾਜ਼ਮਾਂ ਨੇ ਸ਼ਾਹਪੁਰਕੰਡੀ ਵਿੱਚ ਪਾਵਰਕੌਮ ਦੇ ਡਿਪਟੀ ਚੀਫ ਇੰਜਨੀਅਰ ਦੇ ਦਫਤਰ ਮੂਹਰੇ ਧਰਨਾ ਦਿੱਤਾ। ਪ੍ਰਦਰਸ਼ਨ ਵਿੱਚ ਦਵਿੰਦਰ ਸਿੰਘ, ਪੰਕਜ ਪਠਾਨੀਆ, ਯੋਗੇਸ਼ ਕੁਮਾਰ, ਸੁਸ਼ੀਲ ਸਿੰਘ, ਰਾਘਵ, ਰਣਜੀਤ ਸਿੰਘ, ਦਰਸ਼ਨ ਸਿੰਘ, ਬਸੰਤ ਭੱਟੀ, ਭਾਗ ਸਿੰਘ, ਵਿਪਿਨ ਕੁਮਾਰ, ਹਰਦੇਵ ਸਿੰਘ, ਕਰਨਦੀਪ ਪਠਾਨੀਆ, ਕਮਲ ਤੇ ਅਵਿਨਾਸ਼ ਆਦਿ ਹਾਜ਼ਰ ਸਨ।
ਕੋਆਰਡੀਨੇਸ਼ਨ ਕਮੇਟੀ ਦੇ ਸੂਬਾਈ ਬੁਲਾਰੇ ਹਰਜੀਤ ਸਿੰਘ ਟਢਵਾਲ ਤੇ ਟੈਕਨੀਕਲ ਸਰਵਿਸ ਯੂਨੀਅਨ ਦੇ ਜਗਤਾਰ ਸਿੰਘ ਖੁੰਡਾ ਨੇ ਕਿਹਾ ਕਿ ਮੁਲਾਜ਼ਮਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ। ਉਨ੍ਹਾਂ ਕਿਹਾ ਕਿ ਪਾਵਰਕੌਮ ਦਾ ਪ੍ਰਬੰਧਨ ਕੰਟਰੈਕਟ ਮੁਲਾਜ਼ਮਾਂ ਦਾ ਸ਼ੋਸ਼ਣ ਕਰ ਰਿਹਾ ਹੈ। ਕੰਟਰੈਕਟ ਮੁਲਾਜ਼ਮ ਬਹੁਤ ਘੱਟ ਤਨਖਾਹਾਂ ’ਤੇ ਵਿਭਾਗ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ। ਇੱਥੇ ਹੀ ਬੱਸ ਨਹੀਂ ਉਨ੍ਹਾਂ ਮੁਲਾਜ਼ਮਾਂ ਨੂੰ ਕਿਰਤ ਕਾਨੂੰਨ ਤਹਿਤ ਮਿਲਣ ਵਾਲੇ ਲਾਭਾਂ ਤੋਂ ਵੀ ਵਾਂਝਾ ਰੱਖਿਆ ਗਿਆ ਹੈ ਅਤੇ ਉਨ੍ਹਾਂ ਨੂੰ ਫੈਕਟਰੀ ਐਕਟ 1948 ਤਹਿਤ ਓਵਰਟਾਈਮ ਵਰਗੇ ਲਾਭ ਨਹੀਂ ਦਿੱਤੇ ਜਾ ਰਹੇ ਹਨ। ਇਸ ਦੇ ਨਾਲ ਹੀ ਸਰਕਾਰ ਵੱਲੋਂ ਪਾਸ ਕੀਤੇ ਗਏ ਵਿਸ਼ੇਸ਼ ਭੱਤਿਆਂ ਨੂੰ ਇੱਕ ਸਾਲ ਬਾਅਦ ਵੀ ਲਾਗੂ ਨਹੀਂ ਕੀਤਾ ਜਾ ਰਿਹਾ। ਸ਼ਿਫਟਾਂ ਵਿੱਚ ਕੰਮ ਕਰਵਾਉਣ ਬਾਅਦ ਸ਼ਿਫਟ ਭੱਤਾ ਵੀ ਨਹੀਂ ਦਿੱਤਾ ਜਾ ਰਿਹਾ।