ਰਸੋਈ ਗੈਸ ਨਾ ਮਿਲਣ ਕਾਰਨ ਉਪਭੋਗਤਾ ਪ੍ਰੇਸ਼ਾਨ
ਪੱਤਰ ਪ੍ਰੇਰਕਪਠਾਨਕੋਟ, 11 ਜੁਲਾਈ
ਰਣਜੀਤ ਸਾਗਰ ਡੈਮ ਦੀ ਸ਼ਾਹਪੁਰਕੰਢੀ ਟਾਊਨਸ਼ਿਪ ਅੰਦਰ ਸਥਿਤ ਭਾਰਤ ਗੈਸ ਏਜੰਸੀ ਵਿੱਚ ਪਿਛਲੇ ਲੱਗਪਗ 15 ਦਿਨਾਂ ਤੋਂ ਗੈਸ ਨਾ ਮਿਲਣ ਕਾਰਨ ਉਪਭੋਗਤਾਵਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਅਜੀਜ਼ਪੁਰ ਦੇ ਉਪਭੋਗਤਾ ਸਾਧੂ ਰਾਮ, ਪਿੰਡ ਆਦਰਸ਼ ਨਗਰ ਦੇ ਜੋਗਿੰਦਰ ਪਾਲ ਅਤੇ ਪਿੰਡ ਛੰਨੀ ਦੇ ਕੇਵਲ ਕੁਮਾਰ ਨੇ ਦੱਸਿਆ ਕਿ ਉਹ ਪਿਛਲੇ 15 ਦਿਨਾਂ ਤੋਂ ਆਪਣਾ ਘਰੇਲੂ ਸਿਲੰਡਰ ਭਰਵਾਉਣ ਲਈ ਇਸ ਗੈਸ ਏਜੰਸੀ ਦੇ ਚੱਕਰ ਲਗਾ ਰਹੇ ਹਨ ਪਰ ਉਨ੍ਹਾਂ ਨੂੰ ਗੈਸ ਸਿਲੰਡਰ ਨਹੀਂ ਮਿਲ ਰਿਹਾ। ਉਨ੍ਹਾਂ ਨੂੰ ਹਮੇਸ਼ਾਂ ਗੈਸ ਏਜੰਸੀ ਦੇ ਗੇਟ ’ਤੇ ਤਾਲਾ ਲਟਕਿਆ ਹੀ ਮਿਲਦਾ ਹੈ ਅਤੇ ਕੋਈ ਵੀ ਮੁਲਾਜ਼ਮ ਨਹੀਂ ਹੁੰਦਾ। ਜਿਸ ਕਾਰਨ ਉਹ ਬਹੁਤ ਪ੍ਰੇਸ਼ਾਨ ਹਨ। ਉਨ੍ਹਾਂ ਦਾ ਕਹਿਣਾ ਸੀ ਕਿ 20-20 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਉਹ ਸਿਲੰਡਰ ਭਰਵਾਉਣ ਆ ਰਹੇ ਹਨ ਪਰ ਇਥੇ ਪੁੱਜ ਕੇ ਉਨ੍ਹਾਂ ਨੂੰ ਨਿਰਾਸ਼ਾ ਹੀ ਹੱਥ ਲੱਗਦੀ ਹੈ।
ਭਾਰਤ ਗੈਸ ਏਜੰਸੀ ਦੇ ਸਬੰਧਤ ਜੂਨੀਅਰ ਇੰਜਨੀਅਰ ਪਾਰਸ ਬਾਂਸਲ ਨਾਲ ਜਦ ਫੋਨ ’ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜਲਦੀ ਸਮੱਸਿਆ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।