ਦਰਬਾਰ ਸਾਹਿਬ ਨੂੰ ਜਾਂਦੀਆਂ ਚਾਰ ਰੇਡੀਅਲ ਸੜਕਾਂ ਦਾ ਨਿਰਮਾਣ ਸ਼ੁਰੂ
ਦੁਨੀਆ ਭਰ ਵਿੱਚ ਆਸਥਾ ਦੇ ਕੇਂਦਰ ਦਰਬਾਰ ਸਾਹਿਬ ਨੂੰ ਜਾਣ ਵਾਲੇ ਚਾਰ ਮਾਰਗਾਂ ’ਤੇ ਰੇਡੀਅਲ ਸੜਕਾਂ ’ਤੇ ਵਿਕਾਸ ਕੰਮ ਦੀ ਸ਼ੁਰੂਆਤ ਅੱਜ ਕੀਤੀ ਗਈ ਹੈ। ਕੇਂਦਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾ. ਅਜੈ ਗੁਪਤਾ ਨੇ ਅੱਜ ਇਸ ਸਬੰਧੀ ਕੰਮ ਦੀ ਸ਼ੁਰੂਆਤ ਕਰਦਿਆ ਕਿਹਾ ਕਿ ਲਗਭਗ 41 ਕਰੋੜ ਦੀ ਲਾਗਤ ਨਾਲ, ਮਹਾ ਸਿੰਘ ਰੋਡ, ਸ਼ੇਰਵਾਲਾ ਗੇਟ, ਘਿਓ ਮੰਡੀ ਅਤੇ ਰਾਮਸਰ ਰੋਡ ਨੂੰ ਵਿਰਾਸਤੀ ਸਟਰੀਟ ਵਾਲੀ ਦਿੱਖ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਾਰਤ ਅਤੇ ਵਿਦੇਸ਼ਾਂ ਤੋਂ ਲੱਖ ਤੋਂ ਵੱਧ ਸ਼ਰਧਾਲੂ ਰੋਜ਼ਾਨਾ ਇਨ੍ਹਾਂ ਚਾਰ ਸੜਕਾਂ ਰਾਹੀਂ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਲਈ ਯਾਤਰਾ ਕਰਦੇ ਹਨ। ਵਿਧਾਇਕ ਨੇ ਕਿਹਾ ਕਿ ਇਨ੍ਹਾਂ ਚਾਰਾਂ ਰੇਡੀਅਲ ਸੜਕਾਂ ਨੂੰ ਵਿਰਾਸਤੀ ਸਟਰੀਟ ਦਿੱਖ ਦੇਣ ਤੋਂ ਬਾਅਦ, ਇਹ ਸੜਕਾਂ ਸ਼ਰਧਾਲੂਆਂ ਲਈ ਖਿੱਚ ਦਾ ਕੇਂਦਰ ਬਣ ਜਾਣਗੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਸੜਕਾਂ ਦੀ ਚੌੜਾਈ ਵਧਾਈ ਜਾਵੇਗੀ ਅਤੇ ਕੋਈ ਵੀ ਓਵਰਹੈੱਡ ਪਾਵਰ ਜਾਂ ਹੋਰ ਤਾਰਾਂ ਦਿਖਾਈ ਨਹੀਂ ਦੇਣਗੀਆਂ। ਸਾਰੀਆਂ ਤਾਰਾਂ ਜ਼ਮੀਨਦੋਜ਼ ਕੀਤੀਆਂ ਜਾਣਗੀਆਂ। ਇਹ ਚਾਰ ਰੇਡੀਅਲ ਸੜਕਾਂ ਚੰਗੀ ਤਰ੍ਹਾਂ ਪ੍ਰਕਾਸ਼ਮਾਨ ਹੋਣਗੀਆਂ। ਇਨ੍ਹਾਂ ਚਾਰ ਸੜਕਾਂ ਦੇ ਦੋਵੇਂ ਪਾਸੇ ਸਾਰੀਆਂ ਇਮਾਰਤਾਂ ’ਤੇ ਪੰਜਾਬ ਦੇ ਸੱਭਿਆਚਾਰ ਨੂੰ ਦਰਸਾਉਂਦੀਆਂ ਪੇਂਟਿੰਗਾਂ ਬਣਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲੀਆਂ ਚਾਰ ਰੇਡੀਅਲ ਸੜਕਾਂ ਗੁਰੂ ਤੇਗ ਬਹਾਦਰ ਸਾਹਿਬ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਹੁਣ ਲਾਗੂ ਕੀਤਾ ਜਾ ਰਿਹਾ ਅਤੇ ਅਗਲੇ ਡੇਢ ਸਾਲ ਦੇ ਅੰਦਰ ਪੂਰਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਜਿਸ ਤਹਿਤ ਸੜਕਾਂ ਅਤੇ ਗਲੀਆਂ ਦੇ ਨਿਰਮਾਣ ਦਾ ਕੰਮ ਵੀ ਤੇਜ਼ੀ ਨਾਲ ਸ਼ੁਰੂ ਕੀਤਾ ਗਿਆ ਹੈ। ਕੇਂਦਰੀ ਵਿਧਾਨ ਸਭਾ ਹਲਕੇ ਦੀਆਂ ਸਾਰੀਆਂ ਪ੍ਰਮੁੱਖ ਸੜਕਾਂ ਪਹਿਲਾਂ ਹੀ ਬਣ ਚੁੱਕੀਆਂ ਹਨ ਅਤੇ ਬਾਕੀ ਸੜਕਾਂ ’ਤੇ ਕੰਮ ਸ਼ੁਰੂ ਹੋ ਗਿਆ ਹੈ। ਵਿਧਾਇਕ ਨੇ ਦੱਸਿਆ ਕਿ ਗੇਟ ਖਜ਼ਾਨਾ ਤੋਂ ਝੱਬਲ ਰੇਲਵੇ ਫਾਟਕ ਅਤੇ ਉੱਥੋਂ ਇੱਬਨ ਕਲਾ ਤੱਕ ਸੜਕ ’ਤੇ ਕੰਮ ਜਲਦੀ ਹੀ ਸ਼ੁਰੂ ਹੋ ਜਾਵੇਗਾ। ਇਸ ਮੌਕੇ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਨੇ ਕਿਹਾ ਕਿ ਅੱਜ ਦਰਬਾਰ ਸਾਹਿਬ ਨੂੰ ਜਾਣ ਵਾਲੀਆਂ ਚਾਰ ਰੇਡੀਅਲ ਸੜਕਾਂ ਦੇ ਕਾਰਜ ਸਬੰਧੀ ਉਦਘਾਟਨ ਕੀਤਾ ਗਿਆ ਹੈ। ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਦੇ ਖੇਤਰ ਨੂੰ ਬਿਹਤਰ ਬਣਾਉਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਭਗਤਾਵਾਲਾ ਕੂੜੇ ਦੇ ਡੰਪ ’ਤੇ ਪਏ ਲੱਖਾਂ ਮੀਟ੍ਰਿਕ ਟਨ ਕੂੜੇ ਨੂੰ ਬਾਇਓਰੀਮੀਡੀਏਟ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਸ਼ਹਿਰ ਦੀ ਸਫਾਈ ਪ੍ਰਣਾਲੀ ਲਈ ਇੱਕ ਨਵੀਂ ਕੰਪਨੀ ਨੂੰ ਠੇਕਾ ਦਿੱਤਾ ਗਿਆ ਹੈ ਅਤੇ ਅਗਲੇ 20-25 ਦਿਨਾਂ ਦੇ ਅੰਦਰ ਕੰਪਨੀ ਸਫਾਈ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ 300 ਤੋਂ ਵੱਧ ਵਾਹਨ ਸ਼ਹਿਰ ਵਿੱਚ ਲਿਆਏਗੀ। ਇਸ ਮੌਕੇ ਕੌਂਸਲਰ ਜਰਨੈਲ ਸਿੰਘ ਢੋਟ, ਤਰੁਣਵੀਰ ਸਿੰਘ ਕੈਂਡੀ, ਕੌਂਸਲਰ ਵਿੱਕੀ ਦੱਤਾ ਤੇ ਵਾਲੰਟੀਅਰ ਮੌਜੂਦ ਸਨ।