ਕਾਂਗਰਸੀ ਵਰਕਰਾਂ ਨੇ ਨਗਰ ਨਿਗਮ ਦਾ ਦਫ਼ਤਰ ਘੇਰਿਆ
ਜਲੰਧਰ ਸ਼ਹਿਰੀ ਕਾਂਗਰਸ ਵੱਲੋਂ ਨਗਰ ਨਿਗਮ ਦੀ ਮਾੜੀ ਕਾਰਗੁਜ਼ਾਰੀ ਖ਼ਿਲਾਫ਼ ਨਿਗਮ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਇਸ ਦੌਰਾਨ ਜਲੰਧਰ ਦੇ ਮੇਅਰ ਅਤੇ ਕਮਿਸ਼ਨਰ ਸਮੇਤ ਸੂਬਾ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਜ਼ਿਲ੍ਹਾ ਕਾਂਗਰਸ ਪ੍ਰਧਾਨ ਰਜਿੰਦਰ ਬੇਰੀ, ਵਿਧਾਇਕ ਅਵਤਾਰ ਸਿੰਘ ਅਤੇ ਸੁਰਿੰਦਰ ਕੌਰ ਹਲਕਾ ਇੰਚਾਰਜ ਜਲੰਧਰ ਪੱਛਮੀ ਵੱਲੋਂ ਪ੍ਰਸ਼ਾਸਨ ਦੀ ਮਾੜੀ ਕਾਰਗੁਜ਼ਾਰੀ ਅਤੇ ਸ਼ਹਿਰ ਵਾਸੀਆਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਸਬੰਧੀ ਆਪਣਾ ਰੋਸ ਜ਼ਾਹਿਰ ਕੀਤਾ ਗਿਆ। ਇਸ ਮੌਕੇ ਸਾਬਕਾ ਵਿਧਾਇਕ ਅਤੇ ਪ੍ਰਧਾਨ ਰਾਜਿੰਦਰ ਬੇਰੀ ਨੇ ਵਿਕਾਸ ਕਾਰਜਾਂ ਦੇ ਟੈਂਡਰਾਂ ਵਿੱਚ ਕਥਿਤ ਘੁਟਾਲੇ ਅਤੇ ਡਾਕਟਰ ਬੀ ਆਰ ਅੰਬੇਡਕਰ ਚੌਕ ਤੋਂ ਕਪੂਰਥਲਾ ਚੌਕ ਦੀ ਸੜਕ ਦੀ ਮਾੜੀ ਹਾਲਤ ਦਾ ਮੁੱਦਾ ਚੁੱਕਿਆ। ਉਨ੍ਹਾਂ ਸ੍ਰੀ ਰਾਮ ਚੌਕ ਦੀ ਸਫਾਈ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਸ਼ਹਿਰ ਵਿੱਚ ਚੌਕ ਬਣਾਏ ਜਾ ਰਹੇ ਹਨ ਪਰ ਜਿੱਥੋਂ ਨਗਰ ਨਿਗਮ ਦੇ ਅਧਿਕਾਰੀ ਰੋਜ਼ ਲੰਘਦੇ ਹਨ ਉਸ ਚੌਕ ਦੀ ਸਾਫ ਸਫਾਈ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਬਹੁਤੀ ਜਗ੍ਹਾ ਸੀਵਰੇਜ ਬੰਦ ਹੋਣ ਕਾਰਨ ਪਾਣੀ ਸੜਕਾਂ ’ਤੇ ਆ ਰਿਹਾ ਹੈ। ਸ਼ਹਿਰ ਵਿੱਚ ਪੀਣ ਵਾਲੇ ਪਾਣੀ ਨਾਲ ਗੰਦਾ ਪਾਣੀ ਮਿਲਣ ਕਾਰਨ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਇਸ ਪ੍ਰਤੀ ਨਗਰ ਨਿਗਮ ਦੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਸ਼ਹਿਰ ਵਾਸੀਆਂ ਲਈ ਵੱਡੀ ਸਿਰਦਰਦੀ ਬਣ ਸਕਦੀ ਹੈ। ਵਿਧਾਇਕ ਅਵਤਾਰ ਸਿੰਘ ਜੂਨੀਅਰ ਹੈਨਰੀ ਬਾਵਾ ਨੇ ਲੰਮਾ ਪਿੰਡ ਚੌਕ ਤੋਂ ਜੰਡੂ ਸਿੰਘਾ ਸੜਕ ਦੇ ਨਿਰਮਾਣ ਵਿੱਚ ਹੋ ਰਹੀ ਦੇਰੀ ਦਾ ਨੋਟਿਸ ਲੈਂਦਿਆਂ ਕਿਹਾ ਕਿ ਇਸ ਸੜਕ ’ਤੇ ਹਾਰੇ ਹੋਏ ਵਿਅਕਤੀ ਨੀਂਹ ਪੱਥਰਾਂ ’ਤੇ ਆਪਣਾ ਨਾਮ ਲਿਖਵਾ ਕੇ ਉਦਘਾਟਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਵਾਰਡ ਨੰਬਰ ਦੋ ਵਿੱਚ ਵਿਕਾਸ ਲਈ ਲਗਾਇਆ ਨਹੀਂ ਪੱਥਰ ਵਿਕਾਸ ਨਾ ਹੋਣ ਕਾਰਨ ਉਥੋਂ ਹਟਾ ਦਿੱਤਾ ਜਾਵੇਗਾ। ਜਲੰਧਰ ਵੈਸਟ ਦੇ ਹਲਕਾ ਇੰਚਾਰਜ ਬੀਬੀ ਸੁਰਿੰਦਰ ਕੌਰ ਨੇ ਮੈਨ ਬਰੋ ਚੌਕ ਤੋਂ ਸ੍ਰੀ ਗੁਰੂ ਰਵਿਦਾਸ ਚੌਕ ਅਤੇ ਗੁਰੂ ਰਵਿਦਾਸ ਚੌਕ ਤੋਂ ਡਾਕਟਰ ਬੀ ਆਰ ਅੰਬੇਡਕਰ ਚੌਕ ਤੱਕ ਸੜਕ ਦੀ ਮਾੜੀ ਹਾਲਤ ਬਾਰੇ ਬੋਲਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਨਗਰ ਨਿਗਮ ਹਰ ਫਰੰਤ ’ਤੇ ਫੇਲ੍ਹ ਹੋ ਚੁੱਕੀ ਹੈ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਪਵਨ ਕੁਮਾਰ ਅਤੇ ਪਰਮਜੋਤ ਸਿੰਘ ਸ਼ੈਰੀ, ਬਲਰਾਜ ਠਾਕੁਰ ਤੇ ਰਾਜੇਸ਼ ਜਿੰਦਲ ਆਦਿ ਮੌਜੂਦ ਸਨ।
