ਪਠਾਨਕੋਟ ’ਚ ਕਾਂਗਰਸ ਵੱਲੋਂ ‘ਵੋਟ ਚੋਰ ਗੱਦੀ ਛੋੜ’ ਦੀ ਪੋਸਟਰ ਮੁਹਿੰਮ ਦਾ ਆਗਾਜ਼
ਪਠਾਨਕੋਟ ਵਿੱਚ ਕਾਂਗਰਸ ਪਾਰਟੀ ਨੇ ਸਾਬਕਾ ਪਠਾਨਕੋਟ ਵਿਧਾਇਕ ਅਮਿਤ ਵਿਜ ਦੀ ਅਗਵਾਈ ਹੇਠ ਅੱਜ ਤੋਂ ‘ਵੋਟ ਚੋਰ ਗੱਦੀ ਛੋੜ’ ਦੀ ਪੋਸਟਰ ਮੁਹਿੰਮ ਸ਼ੁਰੂ ਕੀਤੀ। ਇਸ ਮੁਹਿੰਮ ਦੇ ਤਹਿਤ ਹਰੇਕ ਬਲਾਕ ਤੋਂ 5,000 ਦਸਤਖ਼ਤ ਇਕੱਠੇ ਕੀਤੇ ਜਾਣਗੇ, ਜਿਸ ਦੇ ਨਤੀਜੇ ਵੱਜੋਂ ਪੰਜਾਬ ਵਿੱਚੋਂ ਕੁੱਲ 1.5 ਲੱਖ ਦਸਤਖਤ ਕੀਤੇ ਗਏ ਮੈਮੋਰੰਡਮ ਹੋਣਗੇ। ਇਹ ਮੈਮੋਰੰਡਮ 10 ਤਾਰੀਕ ਤੱਕ ਜਮ੍ਹਾ ਕਰਵਾਏ ਜਾਣਗੇ।
ਆਲ ਇੰਡੀਆ ਕਾਂਗਰਸ ਕਮੇਟੀ ਨੇ ਦੇਸ਼ ਭਰ ਵਿੱਚ 50 ਲੱਖ ਦਸਤਖ਼ਤਾਂ ਦਾ ਟੀਚਾ ਰੱਖਿਆ ਹੈ। ਇਸ ਮੌਕੇ ਮੇਅਰ ਪੰਨਾ ਲਾਲ ਭਾਟੀਆ, ਰਾਕੇਸ਼ ਬਬਲੀ, ਆਸ਼ੀਸ਼ ਵਿੱਜ, ਅਜੇ ਕੁਮਾਰ, ਚਰਨਜੀਤ ਸਿੰਘ ਹੈਪੀ, ਵਿਕਰਮ ਬਿਕੂ, ਗੁਲਸ਼ਨ ਕੁਮਾਰ, ਜੋਗਿੰਦਰ ਪਹਿਲਵਾਨ, ਰਜਨੀ ਮਨਹਾਸ, ਨਰਿੰਦਰ ਕੁਮਾਰ ਨਿੰਦੋ, ਰਾਜੀਵ ਮਹਾਜਨ ਬੰਟੀ, ਗਣੇਸ਼ ਕੁਮਾਰ ਵਿੱਕੀ ਆਦਿ ਆਗੂ ਹਾਜ਼ਰ ਸਨ।
ਸਾਬਕਾ ਵਿਧਾਇਕ ਅਮਿਤ ਵਿਜ ਨੇ ਕਿਹਾ ਕਿ ‘ਵੋਟ ਚੋਰ ਗੱਦੀ ਛੋੜ’ ਦੇ ਨਾਅਰੇ ਨੂੰ ਦੇਸ਼ ਭਰ ਵਿੱਚ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਹਜ਼ਾਰਾਂ ਵੋਟਾਂ ਚੋਰੀ ਹੋ ਰਹੀਆਂ ਹਨ ਅਤੇ ਅਸੀਂ ਇਸ ਨੂੰ ਰੋਕਣਾ ਚਾਹੁੰਦੇ ਹਾਂ।
ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਬਹੁਤ ਸਾਰੀਆਂ ਕੁਰਬਾਨੀਆਂ ਦਿੱਤੀਆਂ ਗਈਆਂ। ਆਜ਼ਾਦੀ ਤੋਂ ਬਾਅਦ ਸਾਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ। ਜੇਕਰ ਕੋਈ ਸਰਕਾਰ ਲੋਕਾਂ ਦੀਆਂ ਆਸਾਂ ’ਤੇ ਖ਼ਰੀ ਨਹੀਂ ਉਤਰਦੀ, ਤਾਂ ਲੋਕਾਂ ਨੂੰ ਇਸ ਨੂੰ ਬਦਲਣ ਦਾ ਅਧਿਕਾਰ ਹੈ ਪਰ ਮੌਜੂਦਾ ਭਾਜਪਾ ਸਰਕਾਰ ਗਲਤ ਹਰਕਤਾਂ ਕਰਕੇ ਵੋਟਾਂ ਚੋਰੀ ਕਰ ਰਹੀ ਹੈ। ਜੇਕਰ ਕੋਈ ਵੋਟ ਗਲਤ ਤਰੀਕੇ ਨਾਲ ਰੱਦ ਕੀਤੀ ਜਾਂਦੀ ਹੈ ਤਾਂ ਇਸ ਨੂੰ ਹੱਲ ਕਰਨ ਲਈ ਇੱਕ ਕਮੇਟੀ ਬਣਾਈ ਜਾਣੀ ਚਾਹੀਦੀ ਹੈ। ਐਸਆਈਆਰ ਦੀ ਇੱਕ ਸਮਾਂ ਸੀਮਾ ਤੈਅ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਪਠਾਨਕੋਟ ਵਿੱਚ 20,000 ਦਸਤਖਤ ਇਕੱਠੇ ਕੀਤੇ ਜਾਣਗੇ, ਜੋ ਚੋਣ ਕਮਿਸ਼ਨ ਨੂੰ ਸੌਂਪੇ ਜਾਣਗੇ ਤਾਂ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਲੋਕਾਂ ਦੀਆਂ ਵੋਟਾਂ ਦੀ ਚੋਰੀ ਨਾ ਹੋਵੇ। ਉਨ੍ਹਾਂ ਨੇ ਆਪਣੀ ਪਾਰਟੀ ਦੇ ਵਰਕਰਾਂ ਦੀ ਅੱਜ ਤੋਂ ਦਸਤਖ਼ਤੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।