ਤਰਨ ਤਾਰਨ ਹਲਕੇ ਦੀ ਜ਼ਿਮਨੀ ਚੋਣ ਲਈ ਕਾਂਗਰਸ ਵੱਲੋਂ ਸਰਗਰਮੀਆਂ ਤੇਜ਼
ਸੂਬਾ ਪ੍ਰਧਾਨ ਰਾਜਾ ਵੜਿੰਗ ਵੱਲੋਂ ਵਰਕਰਾਂ ਨੂੰ ਇਕਜੁੱਟ ਹੋਣ ਦੀ ਸਲਾਹ; ਪਾਰਟੀ ਦੀ ਬਿਹਤਰ ਕਾਰਗੁਜ਼ਾਰੀ ਲਈ ਵਰਕਰਾਂ ਤੋਂ ਸੁਝਾਅ ਮੰਗੇ
Advertisement
ਤਰਨ ਤਾਰਨ ਵਿਧਾਨ ਸਭਾ ਦੀ ਹੋਣ ਵਾਲੀ ਜ਼ਿਮਨੀ ਚੋਣ ਲਈ ਪਾਰਟੀ ਦੀਆਂ ਸਰਗਰਮੀਆਂ ਤੇਜ਼ ਕਰਨ ਲਈ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ (ਪੀਪੀਸੀਸੀ) ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਅੱਜ ਇੱਥੇ ਸਤਿਕਾਰ ਪੈਲੇਸ ਵਿੱਚ ਕਾਨਫਰੰਸ ਨੂੰ ਸੰਬੋਧਨ ਕੀਤਾ। ਉਨ੍ਹਾਂ ਪਾਰਟੀ ਵਰਕਰਾਂ ਅਤੇ ਆਗੂਆਂ ਨੂੰ ਇਕਜੁੱਟ ਹੋਣ ਦੀ ਸਲਾਹ ਦਿੱਤੀ| ਇਹ ਸੀਟ ਹਾਕਮ ਧਿਰ ਨਾਲ ਸਬੰਧਿਤ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੇ ਸਵਰਗਵਾਸ ਹੋਣ ’ਤੇ ਖਾਲੀ ਹੋਈ ਹੈ| ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਖਵਿੰਦਰ ਕੌਰ ਰੰਧਾਵਾ ਨੂੰ ਆਪਣਾ ਉਮੀਦਵਾਰ ਐਲਾਨਣ ਅਤੇ ਆਮ ਆਦਮੀ ਪਾਰਟੀ (ਆਪ) ਵੱਲੋਂ ਅਕਾਲੀ ਆਗੂ ਤੇ ਤਿੰਨ ਵਾਰ ਵਿਧਾਇਕ ਰਹੇ ਹਰਮੀਤ ਸਿੰਘ ਸੰਧੂ ਨੂੰ ਹਲਕਾ ਇੰਚਾਰਜ ਬਣਾਉਣ ਕਰਕੇ ਚੋਣ ਸਰਗਰਮੀਆਂ ਪਹਿਲਾਂ ਤੋਂ ਹੀ ਭਖ ਚੁੱਕੀਆਂ ਹਨ|ਕਾਂਗਰਸ ਪਾਰਟੀ ਦੀ ਇਸ ਕਾਨਫਰੰਸ ਵਿੱਚ ਹਲਕੇ ਤੋਂ ਪਾਰਟੀ ਦੀ ਟਿਕਟ ਲੈਣ ਦੇ ਚਾਹਵਾਨ ਰਣਜੀਤ ਸਿੰਘ ਰਾਣਾ ਗੰਡੀਵਿੰਡ, ਕਰਨਬੀਰ ਸਿੰਘ ਕਰਨ ਬੁਰਜ, ਰਾਜਬੀਰ ਸਿੰਘ ਭੁੱਲਰ, ਮਨਿੰਦਰਪਾਲ ਸਿੰਘ ਪਲਾਸੌਰ, ਹਰਸ਼ਰਨ ਸਿੰਘ ਮੱਲ੍ਹਾ, ਅਵਤਾਰ ਸਿੰਘ ਤਨੇਜਾ, ਆਦਿ ਆਪਣੇ ਸਮਰਥਕਾਂ ਸਮੇਤ ਹਾਜ਼ਰ ਹੋਏ| ਰਾਜਾ ਵੜਿੰਗ ਨੇ ਟਿਕਟ ਦੇ ਚਾਹਵਾਨ ਆਗੂਆਂ ਨੂੰ ਯਕੀਨ ਦਿੱਤਾ ਕਿ ਪਾਰਟੀ ਵੱਲੋਂ ਹਲਕੇ ਨਾਲ ਸਬੰਧਿਤ ਆਗੂ ਨੂੰ ਹੀ ਉਮੀਦਵਾਰ ਬਣਾਇਆ ਜਾਣਾ ਹੈ ਅਤੇ ਬਾਕੀ ਦੇ ਆਗੂ ਪਾਰਟੀ ਦਾ ਫੈਸਲਾ ਮੰਨਣ ਦੇ ਪਾਬੰਦ ਹੋਣਗੇ| ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਹਲਕੇ ਦਾ ਸਰਵੇਖਣ ਕਰਵਾਇਆ ਜਾ ਰਿਹਾ ਹੈ ਅਤੇ ਇਸ ਦੇ ਮੁਕੰਮਲ ਹੋਣ ’ਤੇ ਹੀ ਪਾਰਟੀ ਦੇ ਉਮੀਦਵਾਰ ਦਾ ਐਲਾਨ ਕੀਤਾ ਜਾਵੇਗਾ| ਉਨ੍ਹਾਂ ਨਾਲ ਹੀ ਕਿਹਾ ਕਿ ਪਾਰਟੀ ਵੱਲੋਂ ਉਮੀਦਵਾਰ ਦਾ ਐਲਾਨ ਛੇਤੀ ਕੀਤਾ ਜਾ ਰਿਹਾ ਹੈ| ਉਨ੍ਹਾਂ ਪਾਰਟੀ ਦੀਆਂ ਸਰਗਰਮੀਆਂ ਤੋਂ ਦੂਰ ਹੋ ਚੁੱਕੇ ਆਗੂਆਂ ਨੂੰ ਫਿਰ ਤੋਂ ਸਰਗਰਮ ਹੋਣ ਲਈ ਪਾਰਟੀ ਆਗੂਆਂ ਨੂੰ ਉਨ੍ਹਾਂ ਤੱਕ ਪਹੁੰਚ ਕਰਨ ਦੀ ਵੀ ਅਪੀਲ ਕੀਤੀ| ਉਨ੍ਹਾਂ ਜ਼ਿਮਨੀ ਚੋਣ ਵਿੱਚ ਪਾਰਟੀ ਦੀ ਬਿਹਤਰ ਕਾਰਗੁਜ਼ਾਰੀ ਲਈ ਵਰਕਰਾਂ ਤੋਂ ਸੁਝਾਅ ਵੀ ਮੰਗੇ ਅਤੇ ਪਾਰਟੀ ਨੂੰ ਬੂਥ ਪੱਧਰ ’ਤੇ ਮਜ਼ਬੂਤ ਕੀਤੇ ਜਾਣ ਦੀ ਲੋੜ ’ਤੇ ਜ਼ੋਰ ਦਿੱਤਾ| ਕਾਨਫਰੰਸ ਵਿੱਚ ਪਾਰਟੀ ਦੀ ਸੂਬਾ ਮਹਿਲਾ ਪ੍ਰਧਾਨ ਗੁਰਚਰਨ ਕੌਰ ਰੰਧਾਵਾ ਤੋਂ ਇਲਾਵਾ ਸਾਬਕ ਵਿਧਾਇਕ ਰਮਨਜੀਤ ਸਿੰਘ ਸਿੱਕੀ, ਸੁਨੀਲ ਦੱਤੀ, ਹਰਪ੍ਰਤਾਪ ਸਿੰਘ ਅਜਨਾਲਾ, ਸੁਖਵਿੰਦਰ ਸਿੰਘ ਡੈਨੀ ਬੰਡਾਲਾ ਤੇ ਤਰਸੇਮ ਸਿੰਘ ਡੀਸੀ ਆਦਿ ਵੀ ਸ਼ਾਮਲ ਹੋਏ|
Advertisement
Advertisement