ਭਾਅ ਜੀ ਗੁਰਸ਼ਰਨ ਸਿੰਘ ਦੇ ਜਨਮ ਦਿਨ ’ਤੇ ਯਾਦਗਾਰੀ ਸਮਾਗਮ
ਗੁਰਸ਼ਰਨ ਸਿੰਘ ਯਾਦਗਰ ਟਰੱਸਟ ਵੱਲੋਂ ਪ੍ਰਸਿੱਧ ਲੋਕ ਪੱਖੀ ਇਨਕਲਾਬੀ ਨਾਟਕਕਾਰ ਅਤੇ ਚਿੰਤਕ ਭਾਅ ਜੀ ਗੁਰਸ਼ਰਨ ਸਿੰਘ ਦੇ 96ਵੇਂ ਜਨਮ ਦਿਨ ’ਤੇ ਅੱਜ ਇਥੇ ਉਨ੍ਹਾਂ ਦੇ ਰਣਜੀਤਪੁਰਾ ਸਥਿਤ ਜੱਦੀ ਘਰ ਗੁਰੂ ਖਾਲਸਾ ਨਿਵਾਸ ਵਿੱਚ ਯਾਦਗਾਰੀ ਸਮਾਗਮ ਕੀਤਾ ਗਿਆ। ਇਸ ਮੌਕੇ ਗੁਰਸ਼ਰਨ ਭਾਅ ਜੀ ਵੱਲੋਂ ਇਨਕਲਾਬੀ ਰੰਗਮੰਚ ਦੇ ਖੇਤਰ ਵਿੱਚ ਪਾਏ ਵਡਮੁੱਲੇ ਯੋਗਦਾਨ ਬਾਰੇ ਗੰਭੀਰ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਸਹਿਯੋਗੀ ਸੰਸਥਾਵਾਂ ਦੇ ਆਗੂਆਂ ਵੱਲੋਂ ਅਮੋਲਕ ਸਿੰਘ ਅਤੇ ਚਿੰਤਕ ਯਸ਼ ਪਾਲ ਵੱਲੋਂ ਫਲਸਤੀਨ ਦੇ ਲੋਕਾਂ ਦੀ ਨਸਲਕੁਸ਼ੀ ਵਿਰੁੱਧ ਚੇਤਨ ਕਰਦੀ ਸੰਪਾਦਤ ਪੁਸਤਕ ‘ਫਲਸਤੀਨ ਦੀ ਆਵਾਜ਼’ ਲੋਕ ਅਰਪਣ ਕੀਤੀ ਗਈ। ਮੁੱਖ ਵਕਤਾ ਲੋਕ ਪੱਖੀ ਬੁੱਧੀਜੀਵੀ ਅਤੇ ਜੇਐੱਨਯੂ ਦੇ ਪ੍ਰੋ. ਡਾ.ਅਤੁਲ ਨੇ ਗੁਰਸ਼ਰਨ ਭਾਅ ਜੀ ਵੱਲੋਂ ਇਨਕਲਾਬੀ ਰੰਗਮੰਚ ਅਤੇ ਸਮਾਜਕ ਜਮਹੂਰੀ ਖੇਤਰ ਵਿੱਚ ਪਾਏ ਵਡਮੁੱਲੇ ਯੋਗਦਾਨ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਗੁਰਸ਼ਰਨ ਭਾਅ ਜੀ ਨੇ ਲੋਕ ਪੱਖੀ ਰੰਗਮੰਚ ਦੇ ਮਾਧਿਅਮ ਰਾਹੀਂ ਇਨਕਲਾਬੀ ਸਿਧਾਂਤਾਂ ’ਤੇ ਦ੍ਰਿੜ੍ਹਤਾ ਨਾਲ ਪਹਿਰਾ ਦਿੰਦਿਆਂ ਆਪਣਾ ਸਮੁੱਚਾ ਜੀਵਨ ਦੱਬੇ ਕੁਚਲੇ ਲੋਕਾਂ ਨੂੰ ਸਮਰਪਿਤ ਕੀਤਾ। ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਭਾਅ ਜੀ ਨਾਲ ਕੀਤੇ ਰੰਗਮੰਚ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਸਮਾਗਮ ਦੇ ਸ਼ੁਰੂ ਵਿੱਚ ਮੰਚ ਰੰਗਮੰਚ ਅੰਮ੍ਰਿਤਸਰ ਦੇ ਕਲਾਕਾਰਾਂ ਕੁਸ਼ਾਗਰ ਕਾਲੀਆ, ਹਰਸ਼ਿਤਾ, ਧਰਮਿੰਦਰ ਮਸਾਣੀ, ਜਗਸੀਰ ਜੀਦਾ ਵੱਲੋਂ ਇਨਕਲਾਬੀ ਗੀਤ ਪੇਸ਼ ਕੀਤੇ ਗਏ। ਗੁਰਸ਼ਰਨ ਭਾਅ ਜੀ ਦੀ ਬੇਟੀ ਡਾ. ਅਰੀਤ ਨੇ ਗੁਰਸ਼ਰਨ ਸਿੰਘ ਯਾਦਗਾਰ ਟਰੱਸਟ ਵੱਲੋਂ ਗੁਰਸ਼ਰਨ ਸਿੰਘ ਵਿਰਾਸਤ ਸੰਭਾਲ ਕਮੇਟੀ ਅਤੇ ਵੱਖ ਵੱਖ ਸਹਿਯੋਗੀ ਸੰਸਥਾਵਾਂ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ।