ਨਹਿਰ ਓਵਰਫਲੋਅ ਹੋਣ ਕਾਰਨ ਕਲੋਨੀ ਵਿੱਚ ਪਾਣੀ ਭਰਿਆ
ਪਠਾਨਕੋਟ ਦੇ ਵਾਰਡ ਨੰਬਰ-46 ਵਿੱਚ ਰਘੂਨਾਥ ਕਲੋਨੀ, ਲਾਡੋਚੱਕ ਅੰਦਰ ਨਹਿਰੀ ਵਿਭਾਗ ਦੀ ਲਾਪਰਵਾਹੀ ਕਾਰਨ ਨਹਿਰ ਓਵਰਫਲੋਅ ਹੋ ਗਈ। ਇਸ ਕਾਰਨ ਪੂਰੀ ਕਲੋਨੀ ਵਿੱਚ ਪਾਣੀ ਭਰ ਗਿਆ। ਤੇਜ਼ੀ ਨਾਲ ਫੈਲੇ ਪਾਣੀ ਨਾਲ ਲੋਕਾਂ ਦਾ ਜਨ-ਜੀਵਨ ਪ੍ਰਭਾਵਿਤ ਹੋਇਆ।
ਸਥਾਨਕ ਵਾਸੀਆਂ ਨੇ ਦੱਸਿਆ ਕਿ ਨਹਿਰ ਦੀ ਹਾਲਤ ਕਾਫ਼ੀ ਲੰਬੇ ਸਮੇਂ ਤੋਂ ਖਸਤਾ ਸੀ ਅਤੇ ਕਈ ਵਾਰ ਵਿਭਾਗ ਨੂੰ ਲਿਖਤੀ ਸ਼ਿਕਾਇਤਾਂ ਵੀ ਭੇਜੀਆਂ ਗਈਆਂ ਸਨ ਪਰ ਕੋਈ ਕਾਰਵਾਈ ਨਹੀਂ ਹੋਈ। ਨਹਿਰ ਦੀ ਮੁਰੰਮਤ ਅਤੇ ਸਫ਼ਾਈ ਲਈ ਵੀ ਵਿਭਾਗ ਨੇ ਸਮੇਂ ਸਿਰ ਕੋਈ ਕਾਰਵਾਈ ਨਹੀਂ ਕੀਤੀ। ਇਸ ਦਾ ਖ਼ਾਮਿਆਜ਼ਾ ਉਨ੍ਹਾਂ ਨੂੰ ਭੁਗਤਣਾ ਪੈ ਰਿਹਾ ਹੈ। ਇੱਕ ਕਲੋਨੀ ਵਾਸੀ ਨੇ ਕਿਹਾ ਕਿ ਹਰ ਸਾਲ ਇਸ ਨਹਿਰ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ ਪਰ ਇਸ ਵਾਰ ਹਾਲਤ ਬੇਹੱਦ ਖ਼ਰਾਬ ਹੈ। ਉਨ੍ਹਾਂ ਦੱਸਿਆ ਕਿ ਨਹਿਰ ਟੁੱਟਣ ਨਾਲ ਕਲੋਨੀ ਵਿੱਚ ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬੱਚਿਆਂ ਅਤੇ ਬਜ਼ੁਰਗਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਗਿਆ ਹੈ। ਕਈ ਘਰਾਂ ਵਿੱਚ ਪਾਣੀ ਦਾਖ਼ਲ ਹੋਣ ਨਾਲ ਘਰੇਲੂ ਸਾਮਾਨ ਖ਼ਰਾਬ ਹੋ ਗਿਆ ਹੈ। ਲੋਕ ਖ਼ੁਦ ਹੀ ਆਪਣੇ ਪੱਧਰ ’ਤੇ ਰਾਹਤ ਕੰਮਾਂ ਵਿੱਚ ਜੁਟੇ ਹਨ ਪਰ ਨਹਿਰੀ ਵਿਭਾਗ ਵੱਲੋਂ ਅਜੇ ਤੱਕ ਕੋਈ ਸਹਾਇਤਾ ਨਹੀਂ ਪੁੱਜੀ ਹੈ। ਉਨ੍ਹਾਂ ਕਿਹਾ ਕਿ ਸਥਾਨਕ ਲੋਕਾਂ ਦੀ ਮੰਗ ਹੈ ਕਿ ਨਹਿਰ ਦੀ ਜਲਦੀ ਤੋਂ ਜਲਦੀ ਮੁਰੰਮਤ ਕੀਤੀ ਜਾਵੇ ਅਤੇ ਇਸ ਦੀ ਲਾਪਰਵਾਹੀ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਡਰੇਨੇਜ ਵਿਭਾਗ ਨੂੰ ਸੂਚਨਾ ਭੇਜੀ: ਐਕਸੀਅਨ
ਨਗਰ ਨਿਗਮ ਪਠਾਨਕੋਟ ਦੇ ਐਕਸੀਅਨ ਪਰਮਜੋਤ ਸਿੰਘ ਨੇ ਦੱਸਿਆ ਕਿ ਡਰੇਨੇਜ ਵਿਭਾਗ ਨੂੰ ਸੂਚਨਾ ਦੇ ਦਿੱਤੀ ਗਈ ਹੈ। ਉਨ੍ਹਾਂ ਵੱਲੋਂ ਨਹਿਰ ਦੇ ਓਵਰਫਲੋਅ ਪਾਣੀ ਨੂੰ ਰੋਕਣ ਲਈ ਮਜ਼ਦੂਰ ਕੰਮ ’ਤੇ ਲਗਾ ਦਿੱਤੇ ਗਏ ਹਨ।