ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਲੋੜਵੰਦਾਂ ਲਈ ‘ਕੰਟੇਨਰ ਹੋਮ’ ਲੈ ਕੇ ਰਮਦਾਸ ਪੁੱਜੀ ਬਾਰ੍ਹਵੀਂ ਦੀ ਵਿਦਿਆਰਥਣ

ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਅਤੇ ਐੱਸਡੀਐੱਮ ਅਜਨਾਲਾ ਨੇ ਅਮਾਇਰਾ ਦਾ ਸਵਾਗਤ ਕੀਤਾ
ਰਮਦਾਸ ਵਿੱਚ ਕੰਟੇਨਰ ਹੋਮ ਲੈ ਕੇ ਪੁੱਜੀ ਅਮਾਇਰਾ ਅਤੇ ਉਸ ਦੇ ਪਿਤਾ ਰਾਘਵ ਮਹਿਰਾ।
Advertisement
ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਲੋਕਾਂ ਦੇ ਮੁੜ ਵਸੇਬੇ ਲਈ ਸ਼ੁਰੂ ਕੀਤੇ ‘ਸਾਂਝੇ ਉਪਰਾਲੇ’ ਤਹਿਤ ਬੇਘਰ ਹੋਏ ਲੋਕਾਂ ਨੂੰ ਛੱਤ ਦੇਣ ਲਈ ਬਾਰ੍ਹਵੀਂ ਕਲਾਸ ਦੀ ਵਿਦਿਆਰਥਣ ਅਮਾਇਰਾ ਨੇ ਲੋੜਵੰਦ ਪਰਿਵਾਰ ਲਈ ‘ਕੰਟੇਨਰ ਹੋਮ’ ਦੇ ਕੇ ਨਵੀਂ ਮਿਸਾਲ ਪੈਦਾ ਕੀਤੀ ਹੈ।

ਅੱਜ ਰਮਦਾਸ ਵਿੱਚ ਕੰਟੇਨਰ ਹੋਮ ਲੈ ਕੇ ਪੁੱਜੀ ਬੱਚੀ ਅਮਾਇਰਾ ਅਤੇ ਉਸ ਦੇ ਪਿਤਾ ਰਾਘਵ ਮਹਿਰਾ ਨੂੰ ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਅਤੇ ਐੱਸਡੀਐੱਮ ਅਜਨਾਲਾ ਰਵਿੰਦਰ ਸਿੰਘ ਨੇ ਜੀ ਆਇਆ ਕਹਿੰਦਿਆਂ ਸ਼ਾਬਾਸ਼ ਦਿੱਤੀ। ਕੰਟੇਨਰ ਹੋਮ ਵਿੱਚ ਸੌਣ ਲਈ ਬੈੱਡ ਲਗਾਏ ਹੋਏ ਹਨ। ਗਰਮੀ ਤੋਂ ਰਾਹਤ ਲਈ ਪੱਖੇ, ਮੋਬਾਈਲ ਚਾਰਜਰ ਅਤੇ ਹੋਰ ਲੋੜੀਦੀਆਂ ਸਹੂਲਤਾਂ ਇਸ ਕੰਟੇਨਰ ਹੋਮ ਵਿੱਚ ਦਿੱਤੀਆਂ ਗਈਆਂ ਹਨ।

Advertisement

ਅਮਾਇਰਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਹ ਇੱਥੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਆਈ ਸੀ ਤਾਂ ਦੇਖਿਆ ਕਿ ਲੋਕਾਂ ਨੂੰ ਖਾਣ ਅਤੇ ਰਾਸ਼ਨ ਦੀ ਸਹੂਲਤ ਤਾਂ ਬਹੁਤ ਸੀ ਪਰ ਜਿਨ੍ਹਾਂ ਦੇ ਘਰ ਪਾਣੀ ਨੇ ਢਾਹ ਦਿੱਤੇ ਸਨ, ਉਹ ਬਹੁਤ ਮਾਯੂਸ ਸਨ। ਉਸ ਨੇ ਉਦੋਂ ਇਹ ਇਰਾਦਾ ਧਾਰਿਆ ਕਿ ਉਹ ਆਪਣੀ ਸਮਰੱਥਾ ਅਨੁਸਾਰ ਲੋੜਵੰਦਾਂ ਨੂੰ ਘਰ ਬਣਾ ਕੇ ਦੇਵੇਗੀ।

ਅਮਾਇਰਾ ਨੇ ਦੱਸਿਆ ਕਿ ਉਸ ਨੇ ਇਹ ਵਿਚਾਰ ਆਪਣੇ ਪਿਤਾ ਰਾਘਵ ਨਾਲ ਸਾਂਝਾ ਕੀਤਾ ਤਾਂ ਉਨ੍ਹਾਂ ਹੱਲਾਸ਼ੇਰੀ ਦਿੱਤੀ ਤੇ ਅਗਲੇ ਹੀ ਦਿਨ ਉਨ੍ਹਾਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸਾਕਸ਼ੀ ਸਾਹਨੀ ਕੋਲ ਪਹੁੰਚ ਕੀਤੀ। ਡੀਸੀ ਨੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦੇ ਦਿੱਤਾ। ਉਸ ਨੇ ਦੱਸਿਆ ਕਿ ਇਹ ਘਰ ਲੁਧਿਆਣੇ ਤੋਂ ਕਰੀਬ 5:50 ਲੱਖ ਰੁਪਏ ਦੀ ਕੀਮਤ ਨਾਲ ਤਿਆਰ ਹੋਇਆ ਹੈ ਅਤੇ ਇਸ ਵਿੱਚ ਘਰ ਵਰਗੀ ਹਰ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਸ ਨੇ ਦੱਸਿਆ ਕਿ ਉਸ ਦਾ ਇਹ ਉਪਰਾਲਾ ਨਿਰੰਤਰ ਜਾਰੀ ਰਹੇਗਾ ਅਤੇ ਉਹ ਹੋਰ ਲੋਕਾਂ ਲਈ ਵੀ ਆਪਣੇ ਦੋਸਤਾਂ ਦੀ ਮਦਦ ਨਾਲ ਕੰਟੇਨਰ ਹੋਮ ਦਾ ਪ੍ਰਬੰਧ ਕਰੇਗੀ।

ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਅਮਾਇਰਾ ਦੀ ਸੋਚ ਨੂੰ ਸਲਾਮ ਕਰਦਿਆਂ ਕਿਹਾ ਕਿ ਇਹ ਬੱਚੀ ਵਧਾਈ ਦੀ ਪਾਤਰ ਹੈ, ਜਿਸ ਨੇ ਪਹਿਲੀ ਨਜ਼ਰ ਵਿੱਚ ਹੀ ਲੋੜਵੰਦ ਲੋਕਾਂ ਦੀ ਨਬਜ਼ ਪਛਾਣਦਿਆਂ ਉਨ੍ਹਾਂ ਨੂੰ ਛੱਤ ਦੇਣ ਦਾ ਬੀੜਾ ਚੁੱਕਿਆ ਅਤੇ ਅੱਜ ਇਹ ਪੂਰਾ ਕਰਕੇ ਵੀ ਦਿਖਾਇਆ ਹੈ। ਐੱਸਡੀਐੱਮ ਅਜਨਾਲਾ ਰਵਿੰਦਰ ਸਿੰਘ ਨੇ ਦੱਸਿਆ ਕਿ ਇਹ ਘਰ ਚੰਡੀਗੜ੍ਹ ਬਸਤੀ ਵਿੱਚ ਲੋੜਵੰਦ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ।

Advertisement
Show comments