ਮਝੀਰੀ ਜੱਟਾਂ ’ਚ ਛਿੰਝ ਮੇਲਾ ਕਰਵਾਇਆ
ਪੱਤਰ ਪ੍ਰੇਰਕ
ਪਠਾਨਕੋਟ, 25 ਜੂਨ
ਪਿੰਡ ਮਝੀਰੀ ਜੱਟਾਂ ਵਿੱਚ ਪੀਰ ਬਾਬਾ ਨੂੰ ਸਮਰਪਿਤ ਸਾਲਾਨਾ ਛਿੰਝ ਮੇਲਾ ਸਰਪੰਚ ਬਿੱਟੂ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ, ਜਿਸ ਵਿੱਚ ਸਾਬਕਾ ਵਿਧਾਇਕ ਜੋਗਿੰਦਰ ਪਾਲ ਮੁੱਖ ਮਹਿਮਾਨ ਵਜੋਂ ਅਤੇ ਸਰਬਜੀਤ ਸਿੰਘ ਸਾਬਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਛਿੰਜ ਮੇਲੇ ਦੀ ਨਿਗਰਾਨੀ ਪਹਿਲਵਾਨ ਸੋਨੀ ਠਾਕੁਰ, ਅਜੇ ਠਾਕੁਰ ਅਤੇ ਸੰਨੀ ਜੱਗੀ ਨੇ ਕੀਤੀ। ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਤੋਂ ਇਲਾਵਾ ਹੋਰ ਰਾਜਾਂ ਦੇ ਪਹਿਲਵਾਨਾਂ ਨੇ ਵੀ ਇਸ ਛਿੰਜ ਮੇਲੇ ਵਿੱਚ ਹਿੱਸਾ ਲਿਆ ਅਤੇ ਆਪਣਾ ਦਮ-ਖਮ ਦਿਖਾਇਆ। ਛਿੰਝ ਮੇਲੇ ਵਿੱਚ ਮਾਨਵ ਰਾਜਪੂਤ ਨੇ ਰਾਜਾ ਅਵਾਂਖਾ ਨੂੰ ਹਰਾਇਆ, ਸ਼ਰੀਫ ਦਸੂਹਾ ਨੇ ਜੱਸਾ ਬਹਿਰਾਮਪੁਰ ਨੂੰ ਹਰਾਇਆ, ਰਿਸ਼ੂ ਜੋਗਰ ਨੇ ਗਨੀ ਕੋਲੀਆਂ ਨੂੰ ਹਰਾਇਆ ਅਤੇ ਪ੍ਰਬੰਧਕ ਕਮੇਟੀ ਕੋਲੋਂ ਨਕਦ ਇਨਾਮ ਪ੍ਰਾਪਤ ਕੀਤੇ।
ਛਿੰਝ ਮੇਲੇ ਵਿੱਚ ਤਿੰਨ ਮਾਲੀ ਕੁਸ਼ਤੀ ਮੈਚ ਹੋਏ ਜਿਸ ਵਿੱਚ ਤੀਜੇ ਨੰਬਰ ਦਾ ਮੈਚ ਅਭੀ ਧਮਰਾਈ ਅਤੇ ਸ਼ਿਵ ਜੋਗਰ ਵਿਚਕਾਰ ਹੋਇਆ। ਸਖ਼ਤ ਟੱਕਰ ਦੇ ਬਾਵਜੂਦ, ਮੈਚ ਡਰਾਅ ਵਿੱਚ ਖਤਮ ਹੋਇਆ। ਨੰਬਰ-2 ਮਾਲੀ ਦਾ ਮੈਚ ਕਨ੍ਹਈਆ ਪਹਿਲਵਾਨ ਅਤੇ ਨੂਰ ਪਹਿਲਵਾਨ ਵਿਚਕਾਰ ਹੋਇਆ।
ਇਸ ਮੈਚ ਵਿੱਚ ਕੋਈ ਫੈਸਲਾ ਨਹੀਂ ਹੋਇਆ ਅਤੇ ਮੈਚ ਡਰਾਅ ਵਿੱਚ ਖਤਮ ਹੋਇਆ। ਛਿੰਜ ਮੇਲੇ ਦਾ ਨੰਬਰ ਇੱਕ ਅਤੇ ਆਖਰੀ ਮੈਚ ਮਹਾਰਾਸ਼ਟਰ ਦੇ ਪਹਿਲਵਾਨ ਦੀਪਕ ਹੱਲਾ ਅਤੇ ਗੁਰਦਾਸਪੁਰ ਦੇ ਸਾਗਰ ਪਹਿਲਵਾਨ ਵਿਚਕਾਰ ਹੋਇਆ। ਇਹ ਵੀ ਬਰਾਬਰ ਰਿਹਾ। ਕਮੇਟੀ ਨੇ ਤੀਜੇ ਨੰਬਰ ਦੀ ਕੁਸ਼ਤੀ ਦੇ ਪਹਿਲਵਾਨਾਂ ਨੂੰ 5,000 ਰੁਪਏ, ਦੂਜੇ ਨੰਬਰ ਦੀ ਮਾਲੀ ਕੁਸ਼ਤੀ ਦੇ ਪਹਿਲਵਾਨਾਂ ਨੂੰ 7,000 ਰੁਪਏ ਅਤੇ ਪਹਿਲੇ ਨੰਬਰ ਦੀ ਮਾਲੀ ਕੁਸ਼ਤੀ ਦੇ ਪਹਿਲਵਾਨਾਂ ਨੂੰ 10,000 ਰੁਪਏ ਦੇ ਕੇ ਸਨਮਾਨਿਆ। ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਪ੍ਰਬੰਧਕ ਕਮੇਟੀ ਨੂੰ 31,000 ਰੁਪਏ ਸਹਿਯੋਗ ਵਜੋਂ ਦਿੱਤੇ।