ਹੜ੍ਹ ਪੀੜਤਾਂ ਦੀ ਮਦਦ ਲਈ ਸ਼੍ਰੋਮਣੀ ਕਮੇਟੀ ਨੂੰ ਰਾਸ਼ੀ ਦੇ ਚੈੱਕ ਭੇਟ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਲਈ ਕੀਤੇ ਜਾ ਰਹੇ ਕਾਰਜਾਂ ਵਿਚ ਸਹਿਯੋਗ ਲਈ ਸਿੱਖ ਐਜੂਕੇਸ਼ਨਲ ਸੁਸਾਇਟੀ ਚੰਡੀਗੜ੍ਹ ਵੱਲੋਂ ਸ਼੍ਰੋਮਣੀ ਕਮੇਟੀ ਨੂੰ 10 ਲੱਖ ਰੁਪਏ ਦਾ ਚੈੱਕ ਸੌਂਪਿਆ ਗਿਆ। ਸਿੱਖ ਐਜੂਕੇਸ਼ਨਲ ਸੁਸਾਇਟੀ ਦੇ ਪ੍ਰਧਾਨ ਗੁਰਦੇਵ ਸਿੰਘ ਸਾਬਕਾ ਆਈ ਏ ਐੱਸ ਅਤੇ ਕਾਰਜਕਾਰਨੀ ਕਮੇਟੀ ਨੇ ਇਹ ਚੈੱਕ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਭੇਜ ਕੇ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਜਾ ਰਹੇ ਰਾਹਤ ਕਾਰਜਾਂ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਬਹੁਤ ਸਾਰੀਆਂ ਸੰਗਤਾਂ ਅਤੇ ਸੰਸਥਾਵਾਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਚੱਲ ਰਹੇ ਕਾਰਜਾਂ ਵਿਚ ਸਹਿਯੋਗ ਕਰ ਰਹੀਆਂ ਹਨ, ਜਿਨ੍ਹਾਂ ਦਾ ਉਨਾਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਹੁਣ ਕਿਸਾਨਾਂ ਦੀਆਂ ਫਸਲਾਂ ਦੀ ਬਿਜਾਈ ਵਾਸਤੇ ਡੀਜ਼ਲ ਅਤੇ ਕਣਕ ਦੇ ਮਿਆਰੀ ਬੀਜ ਦੀ ਜ਼ਰੂਰਤ ਹੈ, ਜਿਸ ਲਈ ਸ਼੍ਰੋਮਣੀ ਕਮੇਟੀ ਵੱਲੋਂ ਯਤਨ ਕੀਤੇ ਜਾ ਰਹੇ ਹਨ। ਇਸੇ ਦੌਰਾਨ ਜਾਟ ਵਿਕਾਸ ਸੰਸਥਾਨ, ਸਰਦਾਰ ਸ਼ਹਿਰ, ਚੁਰੂ ਰਾਜਸਥਾਨ ਵੱਲੋਂ ਸਥਾਨਕ ਲੋਕਾਂ ਦੇ ਸਹਿਯੋਗ ਨਾਲ 5 ਲੱਖ 60 ਹਜ਼ਾਰ ਰੁਪਏ ਦਾ ਚੈੱਕ ਸ਼੍ਰੋਮਣੀ ਕਮੇਟੀ ਸਕੱਤਰ ਪ੍ਰਤਾਪ ਸਿੰਘ ਨੂੰ ਸੌਂਪਿਆ ਗਿਆ। ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਹੜ੍ਹ ਪੀੜਤਾਂ ਲਈ ਕੀਤੇ ਜਾ ਰਹੇ ਕਾਰਜਾਂ ਵਿਚ ਦੇਸ਼ ਭਰ ਤੋਂ ਸੰਗਤਾਂ ਸਹਿਯੋਗ ਕਰ ਰਹੀਆਂ ਹਨ। ਵੱਖ-ਵੱਖ ਸੂਬਿਆਂ ਤੋਂ ਕਈ ਸੰਸਥਾਵਾਂ ਇਨ੍ਹਾਂ ਰਾਹਤ ਸੇਵਾਵਾਂ ਲਈ ਲੋਕਾਂ ਵੱਲੋਂ ਇਕੱਤਰ ਕੀਤੀ ਮਾਇਆ ਭੇਜ ਰਹੀਆਂ ਹਨ। ਉਨ੍ਹਾਂ ਕਿਹਾ ਕਿ ਰਾਜਸਥਾਨ ਤੋਂ ਜਾਟ ਵਿਕਾਸ ਸੰਸਥਾਨ ਦੇ ਨੁਮਾਇੰਦੇ 5 ਲੱਖ 60 ਹਜ਼ਾਰ ਰੁਪਏ ਦਾ ਚੈੱਕ ਲੈਣ ਕੇ ਆਏ ਹਨ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਸੰਸਥਾ ਦੇ ਮੁਖੀ ਮਹਾਂਵੀਰ ਪ੍ਰਸ਼ਾਦ ਸਾਹੂ ਤੇ ਸ੍ਰੀ ਨੰਦ ਰਾਮ ਚਾਹਰ ਸਮੇਤ ਸਹਾਇਤਾ ਲੈ ਕੇ ਆਏ ਹੋਰਾਂ ਦਾ ਧੰਨਵਾਦ ਕੀਤਾ।