ਚੱਕੀ ਪੁਲ ’ਤੇ ਟਰੈਕਟਰ-ਟਰਾਲੀਆਂ ਲਾ ਕੇ ਚੱਕਾ ਜਾਮ
ਚੱਕੀ ਪੁਲ ’ਤੇ ਲਗਭਗ 50 ਟਰੈਕਟਰ ਟਰਾਲੀਆਂ ਨੂੰ ਰੋਕਣ ਨਾਲ ਟਰੈਫਿਕ ਜਾਮ ਹੋ ਗਿਆ, ਜਿਸ ਨਾਲ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸੂਚਨਾ ਮਿਲਦਿਆਂ ਹੀ ਪੁਲੀਸ ਮੌਕੇ ’ਤੇ ਪਹੁੰਚ ਗਈ। ਡਰਾਈਵਰਾਂ ਨੇ ਦੱਸਿਆ ਕਿ ਪੰਜਾਬ ਮਾਈਨਿੰਗ ਵਿਭਾਗ ਨੇ ਪਹਿਲਾਂ ਉਨ੍ਹਾਂ ਨੂੰ ਇਸ ਐਂਟਰੀ ਟੈਕਸ ਬਾਰੇ ਸੂਚਿਤ ਨਹੀਂ ਕੀਤਾ ਸੀ ਅਤੇ ਅੱਜ ਮਾਈਨਿੰਗ ਸਮੱਗਰੀ ਲਈ ਇੱਕ ਜਾਇਜ਼ ਬਿੱਲ ਹੋਣ ਦੇ ਬਾਵਜੂਦ ਮਾਈਨਿੰਗ ਵਿਭਾਗ ਦੇ ਕਰਮਚਾਰੀਆਂ ਨੇ ਉਨ੍ਹਾਂ ਨੂੰ ਐਂਟਰੀ ਟੈਕਸ ਲਗਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਤੋਂ ਉਹ ਜਾਇਜ਼ ਬਿੱਲਾਂ ਅਤੇ ਐਕਸ-ਫਾਰਮਾਂ ਰਾਹੀਂ ਹਿਮਾਚਲ ਪ੍ਰਦੇਸ਼ ਦੇ ਖੇਤਰ ਤੋਂ ਮਾਈਨਿੰਗ ਸਮੱਗਰੀ ਲਿਆ ਰਹੇ ਹਨ ਪਰ ਅੱਜ ਬਿਨਾਂ ਕਿਸੇ ਨੋਟਿਸ ਦੇ ਪੰਜਾਬ ਵਿੱਚ ਐਂਟਰੀ ਫੀਸ ਦੇ ਨਾਂ ’ਤੇ ਇੱਕ ਚੱਕਰ ਲਈ 1000 ਰੁਪਏ ਦੀ ਪਰਚੀ ਕੱਟਣੀ ਸ਼ੁਰੂ ਕਰ ਦਿੱਤੀ ਗਈ ਹੈ ਜੋ ਕਿ ਸਰਾਸਰ ਧੱਕਾ ਹੈ। ਉਨ੍ਹਾਂ ਦੀ ਪਹਿਲਾਂ ਹੀ 900 ਰੁਪਏ ਦੀ ਪਰਚੀ ਕੱਟੀ ਜਾਂਦੀ ਹੈ ਜਦੋਂ ਕਿ ਪੰਜਾਬ ਦੇ ਮਾਈਨਿੰਗ ਅਧਿਕਾਰੀ ਕਹਿੰਦੇ ਹਨ ਕਿ ਪਰਚੀ ਕੱਟਣੀ ਪਵੇਗੀ ਨਹੀਂ ਤਾਂ ਚਲਾਨ ਜਾਰੀ ਕੀਤਾ ਜਾਵੇਗਾ।
ਮਾਈਨਿੰਗ ਵਿਭਾਗ ਦੀ ਚੈੱਕ ਪੋਸਟ ’ਤੇ ਤਾਇਨਾਤ ਜੂਨੀਅਰ ਇੰਜਨੀਅਰ ਸਾਹਿਲ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਨਵੀਂ ਨੋਟੀਫੀਕੇਸ਼ਨ ਹੈ ਕਿ ਹਰੇਕ ਟਰਾਲੀ ਲਈ 1000 ਰੁਪਏ ਦੀ ਪਰਚੀ ਅਤੇ ਹਰੇਕ ਟਿੱਪਰ ਲਈ 3000 ਰੁਪਏ ਦੀ ਪਰਚੀ ਕੱਟੀ ਜਾਵੇਗੀ।
 
 
             
            