ਬੀ ਐੱਸ ਐੱਫ ਜਵਾਨਾਂ ਨਾਲ ਦੀਵਾਲੀ ਮਨਾਈ
ਸੀਮਾ ਸੁਰੱਖਿਆ ਬਲ ਦੀ 109ਵੀਂ ਬਟਾਲੀਅਨ ਦੇ ਸਹਾਇਕ ਕਮਾਂਡੈਂਟ ਤੇ ਕੰਪਨੀ ਕਮਾਂਡਰ ਬੀਐੱਸ ਮੀਨਾ ਦੀ ਪ੍ਰਧਾਨਗੀ ਹੇਠ ਸਮਾਗਮ ਨੂੰ ਸੰਬੋਧਨ ਕਰਦਿਆਂ, ਸੁਰੱਖਿਆ ਪਰਿਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਾਅਦ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪਰਿਸ਼ਦ ਦੇਸ਼ ਦੀ ਪਹਿਲੀ ਅਜਿਹੀ ਸੰਸਥਾ ਹੈ ਜੋ ਹਰ ਸਾਲ ਸ਼ਹੀਦ ਪਰਿਵਾਰਾਂ ਨੂੰ ਨਾਲ ਲੈ ਕੇ ਸਰਹੱਦ ’ਤੇ ਜਾ ਕੇ ਆਪਣੇ ਦੇਸ਼ ਦੇ ਵੀਰ ਜਵਾਨਾਂ ਨਾਲ ਦੀਵਾਲੀ ਦਾ ਤਿਉਹਾਰ ਮਨਾ ਕੇ ਉਨ੍ਹਾਂ ਦਾ ਮਨੋਬਲ ਵਧਾਉਂਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਵਾਸੀ ਇਨ੍ਹਾਂ ਵੀਰ ਸੈਨਿਕਾਂ ਦੀ ਬਦੌਲਤ ਸੁਰੱਖਿਅਤ ਹਨ ਅਤੇ ਆਪਣੇ ਤਿਉਹਾਰ ਖੁਸ਼ੀ-ਖੁਸ਼ੀ ਮਨਾ ਰਹੇ ਹਨ।
ਬੀ ਐੱਸ ਐੱਫ ਦੀ 109ਵੀਂ ਬਟਾਲੀਅਨ ਦੇ ਸਹਾਇਕ ਕਮਾਂਡੈਂਟ ਬੀਐੱਸ ਮੀਨਾ ਅਤੇ ਜਵਾਨਾਂ ਦਾ ਕਹਿਣਾ ਸੀ ਕਿ ਸ਼ਹੀਦ ਸੈਨਿਕ ਪਰਿਵਾਰ ਪਰਿਸ਼ਦ ਵੱਲੋਂ ਉਨ੍ਹਾਂ ਨਾਲ ਦੀਵਾਲੀ ਮਨਾਉਣ ਦਾ ਇਹ ਜੋ ਉਪਰਾਲਾ ਕੀਤਾ ਹੈ, ਸਲਾਹੁਣਯੋਗ ਹੈ ਅਤੇ ਇਹ ਸਮਾਗਮ ਸਰਹੱਦ ਦੀ ਰਾਖੀ ਕਰਨ ਸਮੇਂ ਉਨ੍ਹਾਂ ਲਈ ਪ੍ਰੇਰਨਾਦਾਇਕ ਤੇ ਸੰਜੀਵਨੀ ਬੂਟੀ ਸਾਬਿਤ ਹੋਵੇਗਾ। ਸ਼ਹੀਦ ਪਰਿਵਾਰਾਂ ਦੇ ਆਉਣ ਨਾਲ ਉਨ੍ਹਾਂ ਨੂੰ ਦੀਵਾਲੀ ਦੇ ਇਸ ਤਿਉਹਾਰ ਮੌਕੇ ਆਪਣੇ ਪਰਿਵਾਰਾਂ ਤੋਂ ਦੂਰ ਇਕੱਲੇਪਨ ਦਾ ਅਹਿਸਾਸ ਨਹੀਂ ਹੋ ਰਿਹਾ ਅਤੇ ਇਹ ਮਹਿਸੂਸ ਹੋ ਰਿਹਾ ਹੈ ਕਿ ਪੂਰੇ ਦੇਸ਼ ਵਾਸੀ ਉਨ੍ਹਾਂ ਦੇ ਨਾਲ ਹਨ। ਉਨ੍ਹਾਂ ਕਿਹਾ ਕਿ ਸਰਹੱਦ ਤੇ ਤਾਇਨਾਤ ਸਾਡੇ ਜਵਾਨਾਂ ਦਾ ਮਨੋਬਲ ਬਹੁਤ ਉਚਾ ਹੈ ਅਤੇ ਉਨ੍ਹਾਂ ਦੇ ਹੁੰਦੇ ਹੋਏ ਕੋਈ ਵੀ ਦੁਸ਼ਮਣ, ਸਾਡੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਭੰਗ ਕਰਨ ਦੀ ਜੁਅਰਤ ਨਹੀਂ ਕਰ ਸਕਦਾ। ਇਸ ਮੌਕੇ ਸ਼ਹੀਦਾਂ ਦੇ ਪਰਿਵਾਰਾਂ ਵਿੱਚ ਸੁਰਿੰਦਰ ਮੋਹਨ ਗੁਪਤਾ, ਵਰਿੰਦਰ ਸਿੰਘ, ਸੁਮਿਤਰੀ ਦੇਵੀ, ਹੰਸ ਰਾਜ, ਬੂਈ ਲਾਲ ਤੇ ਸਤੀਸ਼ ਸ਼ਰਮਾ ਅਤੇ ਡਾ. ਰਾਜਿੰਦਰ ਸ਼ਰਮਾ ਤੇ ਸੁਰਿੰਦਰ ਮਹਾਜਨ ਸ਼ਿੰਦਾ ਆਦਿ ਵੀ ਹਾਜ਼ਰ ਸਨ।