ਕੈਬਨਿਟ ਮੰਤਰੀ ਈਟੀਓ ਨੇ ਸੜਕਾਂ ਦੇ ਨੀਂਹ ਪੱਥਰ ਰੱਖੇ
ਪਿੰਡ ਸੈਦਪੁਰ ਦੀ ਪੰਚਾਇਤ ਕਈ ਪਰਿਵਾਰਾਂ ਸਮੇਤ ਆਮ ਆਦਮੀ ਪਾਰਟੀ ’ਚ ਸ਼ਾਮਲ
Advertisement
ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਜੰਡਿਆਲਾ ਗੁਰੂ ਹਲਕੇ ਦੇ ਪਿੰਡ ਮਹਿਸਮਪੁਰਾ ਅਤੇ ਸੈਦਪੁਰ ਵਿੱਚ ਕਰੀਬ 13 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਪਿੰਡ ਸੈਦਪੁਰ ਕਾਲੇਕੇ, ਬੁਟਾਰੀ ਰੋਡ ਨੂੰ ਅਪਗ੍ਰੇਡ ਕਰਨ ਵਾਲੀਆਂ ਸੜਕਾਂ ਦੇ ਨੀਂਹ ਪੱਥਰ ਰੱਖੇ। ਇਸ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਉਹ ਹਲਕੇ ਵਿੱਚ ਵਿਕਾਸ ਦੇ ਨਾਮ ’ਤੇ ਵੋਟਾਂ ਮੰਗਣਗੇ। ਉਨ੍ਹਾਂ ਪਿਛਲੇ ਸਮੇਂ ਦੇ ਵਿਧਾਇਕਾਂ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਹਲਕੇ ਦਾ ਵੱਧ ਵਿਕਾਸ ਕੀਤਾ ਹੈ ਅਤੇ ਹੁਣ ਤੱਕ ਦੀਆਂ ਸਭ ਤੋਂ ਵੱਧ ਗਰਾਟਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਆਪ ਆਪਣੇ ਹਲਕੇ ਵਿੱਚ ਕੋਈ ਵੀ ਸਰਕਾਰੀ ਸਕੂਲ ਅਜਿਹਾ ਨਹੀਂ ਰਹਿਣ ਦਿੱਤਾ ਜਿਸ ਵਿੱਚ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਲੋੜਾਂ ਪੂਰੀਆਂ ਨਹੀਂ ਕੀਤੀਆਂ ਗਈਆਂ। ਇਸ ਤੋਂ ਇਲਾਵਾ ਹਲਕੇ ਦੀਆਂ ਬਹੁਤੀਆਂ ਸੜਕਾਂ ਚੌੜੀਆਂ ਬਣਾਈਆਂ ਜਾ ਰਹੀਆਂ ਹਨ ਅਤੇ ਬਾਕੀ ਸੜਕਾਂ ਵੀ ਨਵੀਆਂ ਬਣ ਰਹੀਆਂ ਹਨ। ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਜਿਨ੍ਹਾਂ ਵਾਅਦਿਆਂ ਨਾਲ ਸੱਤਾ ਵਿੱਚ ਆਈ ਸੀ, ਉਨ੍ਹਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਹਰਭਜਨ ਸਿੰਘ ਨੇ ਕਿਹਾ ਕਿ ਉਹ ਇਨ੍ਹਾਂ ਕੰਮਾਂ ਦੇ ਆਧਾਰ ਉੱਤੇ ਹੀ ਲੋਕਾਂ ਦੀ ਕਚਹਿਰੀ ਵਿੱਚ ਜਾਣਗੇ ਅਤੇ ਵੱਡੇ ਫਰਕ ਨਾਲ ਮੁੜ ਜਿੱਤ ਪ੍ਰਾਪਤ ਕਰਨਗੇ।
ਇਸੇ ਦੌਰਾਨ ਆਮ ਆਦਮੀ ਪਾਰਟੀ ਦੀ ਨੀਤੀਆਂ ਤੋਂ ਖੁਸ਼ ਹੋ ਕੇ ਪਿੰਡ ਸੈਦਪੁਰ ਹਲਕਾ ਜੰਡਿਆਲਾ ਗੁਰੂ ਦੀ ਸਮੁੱਚੀ ਮੌਜੂਦਾ ਪੰਚਾਇਤ ਅਨੇਕਾਂ ਪਰਿਵਾਰਾਂ ਸਮੇਤ ਆਪਣੀਆਂ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਈ। ਕੈਬਨਿਟ ਮੰਤਰੀ ਨੇ ਇਨ੍ਹਾਂ ਸ਼ਾਮਿਲ ਹੋਏ ਮੋਹਤਬਰਾਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਭਰੋਸਾ ਦਿੱਤਾ ਕਿ ਪਾਰਟੀ ਵਿੱਚ ਬਣਦਾ ਮਾਣ ਸਤਿਕਾਰ ਹਰੇਕ ਵਰਕਰ ਦਾ ਕੀਤਾ ਜਾਵੇਗਾ।
Advertisement
Advertisement