ਜ਼ਿਮਨੀ ਚੋਣ: ਚੋਣ ਪ੍ਰਚਾਰ ਦੌਰਾਨ ਸ਼ੋਰ ਪ੍ਰਦੂਸ਼ਣ ਭਾਰੂ
ਤਰਨ ਤਾਰਨ ਸ਼ਹਿਰ ਵਿੱਚ ਪਹਿਲਾਂ ਤੋਂ ਹੀ ਟਰੈਫਿਕ, ਸੜਕਾਂ ਆਦਿ ਤੇ ਜਬਰੀ ਕਬਜ਼ਿਆਂ ਤੇ ਹੋਰ ਗੰਭੀਰ ਮੁਸ਼ਕਲਾਂ ਨਾਲ ਦੋ-ਚਾਰ ਹੋ ਰਹੇ ਲੋਕਾਂ ਲਈ ਹਲਕੇ ਤੋਂ ਚੋਣ ਲੜ ਰਹੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰਦੇ ਵਾਹਨਾਂ ਦੀਆਂ ਕੰਨ ਪਾੜਵੀਆਂ ਆਾਵਾਜ਼ਾਂ ਦੇ ਵਾਤਾਵਰਨ ਪ੍ਰਦੂਸ਼ਨ ਨੇ ਸ਼ਾਂਤੀ ਨਾਂ ਦੀ ਚੀਜ਼ ਨੂੰ ਪੂਰੀ ਤਰ੍ਹਾਂ ਨਾਲ ਗਾਇਬ ਕਰਕੇ ਰੱਖ ਦਿੱਤਾ ਹੈ| ਇਸ ਹੋੜ ਵਿੱਚ ਚੋਣ ਲੜ ਰਹੇ ਸਾਰੇ ਉਮੀਦਵਾਰ ਸ਼ਾਮਲ ਹਨ ਅਤੇ ਉਨ੍ਹਾਂ ਦੇ ਸਪੀਕਰ ਲੱਗੇ ਵਾਹਨ ਤਰਨ ਤਾਰਨ ਸ਼ਹਿਰ ਤੋਂ ਇਲਾਵਾ ਹਲਕੇ ਦੇ ਸਾਰੇ ਪਿੰਡਾਂ ਵਿੱਚ ਘੁੰਮਦੇ ਦੇਖੇ ਜਾ ਰਹੇ ਹਨ| ਸਮਾਜ ਸੇਵੀ ਪ੍ਰਿੰਸੀਪਲ ਦਲਬੀਰ ਸਿੰਘ ਦਿਓਲ ਨੇ ਕਿਹਾ ਕਿ ਤੜਕੇ ਸਵੇਰ ਤੋਂ ਲੈ ਕੇ ਦੇਰ ਸ਼ਾਮ ਤੱਕ ਉਮੀਦਵਾਰਾਂ ਦੇ ਇਨ੍ਹਾਂ ਪ੍ਰਚਾਰ-ਵਾਹਨਾਂ ਦੇ ਉੱਚੀ ਆਵਾਜ਼ ਵਾਲੇ ਲਾਊਡ ਸਪੀਕਰਾਂ ਨੇ ਲੋਕਾਂ ਅਤੇ ਖਾਸ ਕਰਕੇ ਸਕੂਲਾਂ-ਕਾਲਜਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਵਿੱਦਿਅਕ ਮਾਹੌਲ ਤੋਂ ਵਾਂਝੇ ਕਰ ਦਿੱਤਾ ਹੈ| ਉਨ੍ਹਾਂ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨੂੰ ਇਸ ਲਈ ਇਕ ਸਮਾਂ ਨਿਰਧਾਰਤ ਕਰਨ, ਆਵਾਜ਼ ਨੂੰ ਸੀਮਤ ਰੱਖਣ ਅਤੇ ਵਿਦਿਅਕ ਸੰਸਥਾਵਾਂ ਤੋਂ ਦੂਰ ਰਹਿਣ ਦੇ ਨਿਰਦੇਸ਼ ਕਰਨ ਦੀ ਅਪੀਲ ਕੀਤੀ ਹੈ| ਇਸ ਦੇ ਨਾਲ ਹੀ ਉਨ੍ਹਾਂ ਸ਼ਹਿਰ ਦੀ ਮੇਨ ਸੜਕ ਤੇ ਮੁੱਖ ਉਮੀਦਵਾਰਾਂ ਦੇ ਚੋਣ ਦਫਤਰਾਂ ਦੇ ਬਾਹਰ ਸੜਕ ਦੇ ਐਨ ਵਿਚਕਾਰ ਤੱਕ ਸਾਰਾ ਦਿਨ ਵੱਡੀ ਗਿਣਤੀ ਵਿੱਚ ਗੱਡੀਆਂ ਦੇ ਖੜ੍ਹੀਆਂ ਕਰਨ ਨਾਲ ਆਵਾਜਾਈ ਵਿੱਚ ਰਹਿੰਦੀ ਰੁਕਾਵਟ ਨੂੰ ਰੋਕਣ ਲਈ ਵੀ ਬਣਦੀ ਕਾਰਵਾਈ ਕਰਨ ਲਈ ਕਿਹਾ ਹੈ| ਉਨ੍ਹਾਂ ਨੇ ਅਪੀਲ ਕੀਤੀ ਪਿੰਡਾਂ ਵਿੱਚ ਸਕੂਲਾਂ ਦੇ ਸਮੇਂ ਦੌਰਾਨ ਇਨ੍ਹਾਂ ਵਾਹਨਾਂ ਨੂੰ ਜਾਣ ਗੁਰੇਜ਼ ਕਰਨਾ ਚਾਹੀਦਾ ਹੈ।
