ਬੱਸ ਤੇ ਕੈਂਟਰ ਦੀ ਟੱਕਰ; 11 ਸਵਾਰੀਆਂ ਫੱਟੜ
ਪਠਾਨਕੋਟ-ਚੰਬਾ ਨੈਸ਼ਨਲ ਹਾਈਵੇਅ ’ਤੇ ਪਿੰਡ ਢਾਂਗੂ ਸਰਾਹ ਵਿੱਚ ਹੋਟਲ ਨੇੜੇ ਪੰਜਾਬ ਰੋਡਵੇਜ਼ ਦੀ ਬੱਸ ਅਤੇ ਕੈਂਟਰ ਟਰੱਕ ਵਿਚਾਲੇ ਟੱਕਰ ਹੋ ਗਈ। ਹਾਦਸੇ ਵਿੱਚ ਬੱਸ ਸਵਾਰ 11 ਸਵਾਰੀਆਂ ਫੱਟੜ ਹੋ ਗਈਆਂ ਜਦ ਕਿ ਅੱਧੀ ਦਰਜਨ ਤੋਂ ਵੱਧ ਸਵਾਰੀਆਂ ਨੂੰ ਮਾਮੂਲੀ ਸੱਟਾਂ ਵੱਜੀਆਂ।
ਜਾਣਕਾਰੀ ਅਨੁਸਾਰ, ਜ਼ਖਮੀ ਸਵਾਰੀਆਂ ਵਿੱਚੋਂ 8 ਬੱਚੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਧਾਨੀ ਵਿੱਚ ਪੜ੍ਹਦੇ ਸਨ। ਹਾਦਸੇ ਦੀ ਸੂਚਨਾ ਮਿਲਦਿਆਂ ਸਾਰ ਐਸਐਸਐਫ ਧਾਰਕਲਾਂ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਟੀਮ ਨੇ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦਿੱਤੀ ਅਤੇ ਜ਼ਿਆਦਾ ਸੱਟਾਂ ਵਾਲੀਆਂ ਸਵਾਰੀਆਂ ਨੂੰ ਇਲਾਜ ਲਈ ਕਮਿਊਨਿਟੀ ਹੈਲਥ ਸੈਂਟਰ ਬਧਾਨੀ ਵਿੱਚ ਦਾਖਲ ਕਰਵਾਇਆ। ਜ਼ਖਮੀਆਂ ਵਿੱਚ ਪਿੰਡ ਭਮਲਾਦਾ ਦੀ ਵਿਦਿਆਰਥਣ ਦਿਸ਼ਾ ਤੇ ਦੀਕਸ਼ਾ, ਪਿੰਡ ਭਟਵਾਂ ਦੀ ਵਿਦਿਆਰਥਣ ਅਕਸ਼ਿਤਾ ਅਤੇ ਵਿਦਿਆਰਥੀ ਸ਼ਮਸ਼ੇਰ ਸਿੰਘ, ਮੋਹਿਤ ਖਾਨ ਤੇ ਉਨ੍ਹਾਂ ਦੀ ਮਾਂ ਰੇਸ਼ਮਾ , ਪਿੰਡ ਸ਼ੁਕਰੇਤ ਦੀ ਵਿਦਿਆਰਥਣ ਆਸਥਾ, ਵਿਦਿਆਰਥੀ ਰੋਹਿਤ ਵਾਸੀ ਪਿੰਡ ਭੰਗੂੜੀ, ਪਿੰਡ ਧਾਰ ਦੀ ਵਿਦਿਆਰਥਣ ਦੀਕਸ਼ਾ, ਬਟਾਲਾ ਦੇ ਰਹਿਣ ਵਾਲੇ ਬੱਸ ਕੰਡਕਟਰ ਤਜਿੰਦਰ ਸਿੰਘ ਅਤੇ ਪਿੰਡ ਸ਼ਾਹਪੁਰ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਕੈਂਟਰ ਟਰੱਕ ਡਰਾਈਵਰ ਸੁਨੀਲ ਸ਼ਾਮਲ ਹਨ। ਜ਼ਖਮੀ ਬੱਸ ਕੰਡਕਟਰ ਨੇ ਦੱਸਿਆ ਕਿ ਹਾਦਸੇ ਦਾ ਕਾਰਨ ਮੀਂਹ ਕਾਰਨ ਬੱਸ ਬੇਕਾਬੂ ਹੋ ਕੇ ਸਾਹਮਣੇ ਤੋਂ ਆ ਰਹੇ ਕੈਂਟਰ ਨਾਲ ਟਕਰਾਉਣਾ ਹੈ। ਹਾਦਸੇ ਵਿੱਚ ਉਸ ਦੇ ਸਿਰ ਅਤੇ ਲੱਤ ਵਿੱਚ ਸੱਟਾਂ ਵੱਜੀ ਹੈ। ਪੁਲੀਸ ਨੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ।