ਭਾਜਪਾ ਵਰਕਰਾਂ ਨੁੂੰ ਆਦੇਸ; ਹੜ੍ਹ ਪੀੜਤਾਂ ਦੀ ਦਿਲ ਖੋਲ੍ਹ ਮਦਦ ਕੀਤੀ ਜਾਵੇ: ਸੁਨੀਲ ਜਾਖੜ
ਅੱਜ ਪੂਰਾ ਪੰਜਾਬ ਹਰ ਉਸ ਪਰਿਵਾਰ ਨਾਲ ਖੜ੍ਹਾ ਹੈ ਜੋ ਹੜ੍ਹਾਂ ਨਾਲ ਪੀੜਤ ਹਨ। ਭਾਰਤੀ ਜਨਤਾ ਪਾਰਟੀ (ਪੰਜਾਬ) ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਅਸੀਂ ਆਪਣੇ ਪਾਰਟੀ ਵਰਕਰਾਂ ਨੂੰ ਆਦੇਸ਼ ਦੇ ਦਿੱਤਾ ਹੈ ਕਿ ਹੜ੍ਹ ਪੀੜਤ ਪਰਿਵਾਰਾਂ ਦੀ ਦਿਲ ਖੋਲ੍ਹ ਕੇ ਰਾਸ਼ਨ ਅਤੇ ਹੋਰ ਸਹੂਲਤਾਂ ਨਾਲ ਮੱਦਦ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਅੱਜ ਨੁਕਤਾਚੀਨੀ ਦਾ ਸਮਾਂ ਨਹੀਂ ਹੈ ਅਤੇ ਲੋੜ ਹੈ ਕਿ ਅਸੀਂ ਹੜ੍ਹ ਦੀ ਸਥਿਤੀ ਨਾਲ ਨਿਪਟ ਲਈਏ ਤੇ ਲੋਕਾਂ ਦੀ ਮੱਦਦ ਕਰੀਏ। ਉਨ੍ਹਾਂ ਸਪੱਸ਼ਟ ਕਿਹਾ ਕਿ ਅਸੀਂ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਾਂ ਅਤੇ ਪੰਜਾਬ ਸਰਕਾਰ ਤੋਂ ਵੀ ਆਸ ਕਰਦੇ ਹਾਂ ਕਿ ਉਹ ਵੀ ਜ਼ਿੰਮੇਵਾਰੀ ਨਿਭਾਏਗੀ।
ਜਾਖੜ ਨੇ ਕਿਹਾ ਕਿ ਹੜ੍ਹ ਤਾਂ ਹਰ ਸਾਲ ਹੀ ਆਉਂਦੇ ਸਨ ਤੇ ਚਲੇ ਜਾਂਦੇ ਸਨ ਪਰ ਇਸ ਵਾਰ ਤਾਂ ਕੁਦਰਤ ਦਾ ਕਹਿਰ ਪੰਜਾਬ, ਹਿਮਾਚਲ ਪ੍ਰਦੇਸ਼ ਵਿੱਚ ਜ਼ਿਆਦਾ ਵੇਖਿਆ ਗਿਆ, ਜਿਸ ਕਰਕੇ ਭਾਰੀ ਨੁਕਸਾਨ ਹੋਇਆ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਐੱਨਡੀਆਰਐੱਫ ਰਾਹੀਂ ਜਾਂ ਸਟੇਟ ਕੁਦਰਤੀ ਆਫਤਾਂ ਫੰਡ ਰਾਹੀਂ 611 ਕਰੋੜ ਰੁਪਏ ਮਨਜ਼ੂਰ ਕੀਤੇ ਹਨ, ਜਿਸ ਵਿੱਚੋਂ 230 ਕਰੋੜ ਰੁਪਏ ਤਾਂ ਪਹਿਲਾਂ ਹੀ ਮਨਜ਼ੂਰ ਕੀਤੇ ਜਾ ਚੁੱਕੇ ਹਨ। ਜਿਸ ਦੀ ਚਰਚਾ ਪੰਜਾਬ ਦੇ ਸਿੰਜਾਈ ਮੰਤਰੀ ਵੀ ਕਰ ਰਹੇ ਹਨ ਕਿ 230 ਕਰੋੜ ਨਾਲ ਪੂਰੀ ਮੁਸਤੈਦੀ ਨਾਲ ਕੰਮ ਹੋਇਆ ਹੈ। ਉਹ ਕੰਮ ਹੋਇਆ ਜਾਂ ਨਹੀਂ ਹੋਇਆ ਇਸ ਬਾਰੇ ਤਾਂ ਬਾਅਦ ਵਿੱਚ ਹੀ ਸਵਾਲ ਵਿਧਾਨ ਸਭਾ ’ਚ ਤੇ ਲੋਕਾਂ ਵਿੱਚ ਕੀਤੇ ਜਾਣਗੇ। ਜਿਸ ਬਾਰੇ ਸਰਕਾਰ ਨੂੰ ਜਵਾਬ ਦੇਣਾ ਪਵੇਗਾ ਪਰ ਅੱਜ ਸਵਾਲ ਪੁੱਛਣ ਦਾ ਸਮਾਂ ਨਹੀਂ ਹੈ।