ਬਿੱਟੂ ਨੇ ਭਾਜਪਾ ਉਮੀਦਵਾਰ ਹਰਜੀਤ ਸੰਧੂ ਦੇ ਹੱਕ ਪ੍ਰਚਾਰ ਕੀਤਾ
ਕੇਂਦਰੀ ਰਾਜ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਰਵਨੀਤ ਸਿੰਘ ਬਿੱਟੂ ਨੇ ‘ਆਪ’ ਸਰਕਾਰ ਦੀ ਕਾਰਗੁਜ਼ਾਰੀ ਦੀ ਆਲੋਚਨਾ ਕਰਦਿਆਂ ਤਰਨ ਤਾਰਨ ਦੇ ਵਾਸੀਆਂ ਨੂੰ ਪਾਰਟੀ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ ਦੇ ਹੱਕ ਵਿੱਚ ਫਤਵਾ ਦੇਣ ਦੀ ਅਪੀਲ ਕੀਤੀ| ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਹੁਣ ਆਯਾਸ਼ਪ੍ਰਸਤਾਂ ਦਾ ਟੋਲਾ ਬਣ ਗਿਆ ਜਿਸ ਨੂੰ ਰਾਜਸੀ ਦ੍ਰਿਸ਼ ਤੋਂ ਬਿਨਾਂ ਦੇਰੀ ਦੇ ਲਾਂਭੇ ਕੀਤੇ ਜਾਣਾ ਸਮੇਂ ਦੀ ਲੋੜ ਹੈ| ਉਨ੍ਹਾਂ ਪਾਰਟੀ ਉਮੀਦਵਾਰ ਹਰਜੀਤ ਸਿੰਘ ਸੰਧੂ ਦੇ ਹੱਕ ਵਿੱਚ ਸ਼ਹਿਰ ਦੀਆਂ ਕਈ ਵਾਰਡਾਂ ਵਿੱਚ ਜਾ ਕੇ ਪ੍ਰਚਾਰ ਕੀਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਪੰਜਾਬ ਨੂੰ ਅੱਜ ਕਾਲੇ ਪੰਜਿਆਂ ਤੋਂ ਛੁਡਵਾ ਕੇ ਸਾਫ ਸੁਥਰੀ ਰਾਜਨੀਤੀ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦੀ ਸੱਤਾ ’ਤੇ ਲਿਆਉਣ ਦੀ ਸਖਤ ਲੋੜ ਹੈ। ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਨਾਉਣ ਦਾ ਮੁੱਢ ਬੰਨਣ ਲਈ ਸਾਨੂੰ ਸਰਹੱਦੀ ਹਲਕਾ ਤਰਨ ਤਾਰਨ ਦੀ ਜਿਮਨੀ ਚੋਣ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ ਨੂੰ ਜਿਤਾ ਕੇ ਨੀਂਹ ਪੱਥਰ ਰੱਖਣਾ ਹੋਵੇਗਾ ਤਾਂ ਜੋ ਪੰਜਾਬ ਵਿੱਚ ਨਵੀਂ ਕ੍ਰਾਂਤੀ ਆਵੇ ਅਤੇ ਪੰਜਾਬ ਮੁੜ ਤੋਂ ਤਰੱਕੀ ਦੀਆਂ ਲੀਹਾਂ ਤੇ ਆ ਸਕੇ। ਇਸ ਮੌਕੇ ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਗੁਰੂ ਨਗਰੀ ਤਰਨਤਾਰਨ ਦੇ ਸਰਬਪੱਖੀ ਵਿਕਾਸ ਅਤੇ ਤਰੱਕੀ ਲਈ ਕੇਂਦਰ ਦੀ ਭਾਜਪਾ ਸਰਕਾਰ ਨਾਲ ਸਿੱਧਾ ਰਾਬਤਾ ਹੋਣਾ ਲਾਜਮੀ ਹੈ| ਉਨ੍ਹਾਂ ਨਾਲ ਪਾਰਟੀ ਦੇ ਕਈ ਸੀਨੀਅਰ ਆਗੂ ਵੀ ਸ਼ਾਮਲ ਹੋਏ|
