ਬਟਾਲਾ ਪੁਲੀਸ ਦਾ ਕੌਮੀ ਪੁਰਸਕਾਰ ਨਾਲ ਸਨਮਾਨ
ਸੋਲਨ (ਹਿਮਾਚਲ ਪ੍ਰਦੇਸ਼) ਨਾਰਥ ਜ਼ੋਨ ਸੁਰੱਖਿਆ ਕਾਨਫਰੰਸ ਦੌਰਾਨ ਬਟਾਲਾ ਪੁਲੀਸ ਨੂੰ ਕੌਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਪੁਲੀਸ ਨੂੰ ਇਹ ਇਨਾਮ ਜ਼ਿਲ੍ਹਾ ਪੁਲੀਸ ਬਟਾਲਾ ਅਧੀਨ ਆਉਂਦੇ ਪਿੰਡਾਂ, ਕਸਬਿਆਂ ਅਤੇ ਸ਼ਹਿਰ ’ਚ ਲੰਘੇ ਸਮੇਂ 1100 ਤੋਂ ਵੱਧ ਗੁੰਮ ਹੋੋਏ ਮੋਬਾਈਲ ਫੋਨ ਲੱਭ ਕੇ ਸਬੰਧਤ ਲੋਕਾਂ ਨੂੰ ਦੇਣ ਬਦਲੇ ਮਿਲਿਆ ਹੈ। ਬਰਾਮਦ ਕੀਤੇ ਮੋਬਾਈਲਾਂ ਦੀ ਬਾਜ਼ਾਰੀ ਕੀਮਤ ਲਗਪਗ 2.20 ਕਰੋੜ ਹੈ। ਕੇਂਦਰ ਸਰਕਾਰ ਦੇ ਦੂਰਸੰਚਾਰ ਵਿਭਾਗ ਡਾਇਰੈਕਟਰ ਜਨਰਲ ਸੁਨੀਤਾ ਚੰਦਰਾ ਵੱਲੋਂ ਇਹ ਪੁਸਰਕਾਰ ਬਟਾਲਾ ਪੁਲੀਸ ਨੂੰ ਦਿੱਤਾ ਗਿਆ। ਬਟਾਲਾ ਦੇ ਐੱਸ ਐੱਸ ਪੀ ਜਨਾਬ ਸੁਹੇਲ ਕਾਸਿਮ ਮੀਰ ਨੇ ਇਸ ਇਨਾਮ ਆਪਣੀ ਟੀਮ ਦੀ ਲਗਨ ਅਤੇ ਜਨ ਸਹਿਯੋਗ ਨੂੰ ਸਮਰਪਿਤ ਕੀਤਾ। ਉਨ੍ਹਾਂ ਦੱਸਿਆ ਪੁਲੀਸ ਜ਼ਿਲ੍ਹਾ ਬਟਾਲਾ ਪੰਜਾਬ ਦਾ ਪਹਿਲਾ ਜ਼ਿਲ੍ਹਾ ਬਣ ਗਿਆ ਹੈ, ਜਿਸ ਨੇ ਸਭ ਤੋਂ ਵੱਧ ਗੁੰਮ ਮੋਬਾਈਲ ਫੋਨ ਲੱਭ ਕੇ ਮਾਲਕਾਂ ਤੱਕ ਪਹੁੰਚਾਏ ਹਨ। ਉਨ੍ਹਾਂ ਦੱਸਿਆ ਕਿ ਡੀਜੀਪੀ ਗੌਰਵ ਯਾਦਵ ਅਤੇ ਸਪੈਸ਼ਲ ਸਾਇਬਰ ਕ੍ਰਾਈਮ ਦੇ ਦੂਰਦਰਸ਼ੀ ਮਾਰਗਦਰਸ਼ਨ ਹੇਠ, ਬਟਾਲਾ ਦੇ ਸਾਈਬਰ ਕ੍ਰਾਈਮ ਪੁਲੀਸ ਸਟੇਸ਼ਨ ਨੇ ਲਗਭਗ ਇੱਕ ਸਾਲ ਪਹਿਲਾਂ “ਤੁਹਾਡਾ ਗੁੰਮ ਹੋਇਆ ਮੋਬਾਈਲ ਹੁਣ ਵਾਪਸ ਤੁਹਾਡੇ ਹੱਥ” ਮੁਹਿੰਮ ਸ਼ੁਰੂ ਕੀਤੀ ਸੀ। ਗੁੰਮ ਮੋਬਾਈਲ ਇਸ ਮੁਹਿੰਮ ਰਾਹੀਂ ਅਤੇ ਦੂਰਸੰਚਾਰ ਵਿਭਾਗ ਭਾਰਤ ਸਰਕਾਰ ਦੇ ਸੈਂਟਰਲ ਇਕੁਇਪਮੈਂਟ ਆਈਡੈਂਟਿਟੀ ਰਜਿਸਟਰ ਪੋਰਟਲ ਦੀ ਸਹਾਇਤਾ ਨਾਲ ਮਿਲੇ। ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਗੁੰਮ ਮੋਬਾਈਲਾਂ ਦੀ ਰਿਪੋਰਟ ਨੇੜਲੇ ਸਾਂਝ ਕੇਂਦਰ ਵਿੱਚ ਦਰਜ ਕਰਵਾਉਣ ਅਤੇ ਸਾਈਬਰ ਕ੍ਰਾਈਮ ਪੁਲੀਸ ਸਟੇਸ਼ਨ, ਬਟਾਲਾ ਨਾਲ ਸੰਪਰਕ ਕਰਨ।
