ਧੋਖਾਧੜੀ ਦੇ ਦੋਸ਼ ਹੇਠ ਬੈਂਕ ਦਾ ਖ਼ਜ਼ਾਨਚੀ ਕਾਬੂ
ਬਟਾਲਾ ਪੁਲੀਸ ਨੇ ਇੱਥੇ ਬੈਂਕ ਆਫ ਬੜੌਦਾ ਧੋਖਾਧੜੀ ਕੇਸ ਦੇ ਸਬੰਧ ਵਿੱਚ ਬੈਂਕ ਦੇ ਖ਼ਜ਼ਾਨਚੀ ਤਲਜਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਸੰਤ ਨਗਰ ਕਾਦੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਤਲਜਿੰਦਰ ਸਿੰਘ ਨੇ ਬੈਂਕ ਦੇ ਖਾਤਾਧਾਰਕਾਂ ਦੇ ਖਾਤਿਆਂ ਤੋਂ ਕਰੋੜਾਂ ਰੁਪਏ ਕਢਵਾ ਲਏ ਸਨ। ਵੀਡੀਓ ਗੇਮ ਖੇਡਣ ਦੇ ਸ਼ੌਕੀਨ ਤਲਜਿੰਦਰ ਸਿੰਘ ਕਾਫ਼ੀ ਸਮੇਂ ਤੋਂ ਖਾਤਾਧਾਰਕਾਂ ਦੇ ਖਾਤਿਆਂ ਤੋਂ ਪੈਸੇ ਕਢਵਾ ਰਿਹਾ ਸੀ। ਇਸ ਗੱਲ ਦਾ ਪਤਾ ਜਨਵਰੀ 2025 ਨੂੰ ਉਦੋਂ ਲੱਗਿਆ ਜਦੋਂ ਇੱਕ ਖਾਤਾਧਾਰਕ ਆਪਣੇ ਰੁਪਏ ਕਢਵਾਉਣ ਲਈ ਬੈਂਕ ਗਿਆ ਤਾਂ ਉਸ ਦਾ ਖਾਤਾ ਖਾਲੀ ਸੀ। ਜਾਂਚ ਮਗਰੋਂ ਪਤਾ ਲੱਗਿਆ ਕਿ ਇਹ ਧੋਖਾਧੜੀ ਕਰੀਬ 120 ਖਾਤਾਧਾਰਕਾਂ ਨਾਲ ਹੋਈ।
ਪੁਲੀਸ ਵੱਲੋਂ ਕੀਤੀ ਜਾ ਰਹੀ ਦੇਰੀ ਮਗਰੋਂ ਪੀੜਤਾਂ ਨੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨਾਲ ਮੁਲਾਕਾਤ ਕਰ ਕੇ ਇਨਸਾਫ਼ ਦੀ ਮੰਗ ਕੀਤੀ। ਉਨ੍ਹਾਂ ਦੇ ਦਖ਼ਲ ਮਗਰੋਂ ਐੱਸਐੱਸਪੀ ਬਟਾਲਾ ਸੁਹੇਲ ਕਾਸਿਮ ਮੀਰ ਦੇ ਹੁਕਮਾਂ ’ਤੇ 19 ਜੁਲਾਈ 2025 ਨੂੰ ਗੁਰਮੀਤ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਪਿੰਡ ਖਾਰਾ ਸਣੇ ਸਮੂਹ ਦਰਖ਼ਾਸਤੀਆਂ ਦੀ ਸ਼ਿਕਾਇਤ ’ਤੇ ਥਾਣਾ ਕਾਦੀਆਂ ਵਿੱਚ ਕੇਸ ਦਰਜ ਕੀਤਾ ਗਿਆ ਸੀ। ਤਲਜਿੰਦਰ ਸਿੰਘ ਦੀ ਗ੍ਰਿਫ਼ਤਾਰੀ ਹੋਣ ਤੇ ਲੈਫਟੀਨੈਂਟ ਰੂਹੀ ਭਗਤ, ਰਾਜੇਸ਼ ਕੁਮਾਰ ਸਣੇ ਹੋਰ ਖਾਤਾਧਾਰਕਾਂ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਮੀਡੀਆ ਤੇ ਸੁਹੇਲ ਕਾਸਿਮ ਮੀਰ ਦਾ ਧੰਨਵਾਦ ਕੀਤਾ ਹੈ। ਲੈਫਟੀਨੈਂਟ ਰੂਹੀ ਭਗਤ ਨੇ ਕਿਹਾ ਕਿ ਤਲਜਿੰਦਰ ਸਿੰਘ ਲੰਬੇ ਸਮੇਂ ਤੋਂ ਧੋਖਾਧੜੀ ਕਰਦਾ ਆ ਰਿਹਾ ਸੀ। ਉਨ੍ਹਾਂ ਕਿਹਾ ਕਿ ਇਸ ਵਿੱਚ ਉਹ ਇਕੱਲਾ ਸ਼ਾਮਲ ਨਹੀਂ ਹੋ ਸਕਦਾ, ਇਹ ਠੱਗੀ ਮਿਲੀਭੁਗਤ ਨਾਲ ਹੀ ਸੰਭਵ ਹੈ। ਐੱਸਐੱਸਪੀ ਬਟਾਲਾ ਸੁਹੇਲ ਕਾਸਿਮ ਮੀਰ ਨੇ ਤਲਜਿੰਦਰ ਸਿੰਘ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ।