ਬੱਬਰ ਦੀ ਬਰਸੀ ਸ਼ਹੀਦੀ ਦਿਹਾੜੇ ਵਜੋਂ ਮਨਾਈ
ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਐਲਾਨੇ ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦੀ 30ਵੀਂ ਬਰਸੀ ਸ਼ਹੀਦੀ ਦਿਹਾੜੇ ਵਜੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਅਤੇ ਪੰਥਕ ਜਥੇਬੰਦੀਆਂ ਵੱਲੋਂ ਮਨਾਈ ਗਈ। ਦਿਲਾਵਰ ਸਿੰਘ ਬੱਬਰ ਨੇ ਫਿਦਾਈਨ ਹਮਲੇ ਰਾਹੀਂ ਮੁੱਖ ਮੰਤਰੀ ਬੇਅੰਤ ਸਿੰਘ ਨੂੰ 1995 ਵਿੱਚ ਚੰਡੀਗੜ੍ਹ ਸਕੱਤਰੇਤ ਵਿੱਚ ਮਾਰ ਦਿੱਤਾ ਸੀ। ਬਰਸੀ ਦੇ ਸਬੰਧ ਵਿਚ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਰਾਗੀ ਸਿੰਘਾਂ ਨੇ ਕੀਰਤਨ ਕੀਤਾ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੁਰਮੁਖ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਰਾਜਦੀਪ ਸਿੰਘ ਤੇ ਮੈਨੇਜਰ ਸ੍ਰੀ ਦਰਬਾਰ ਸਾਹਿਬ ਨਰਿੰਦਰ ਸਿੰਘ ਨੇ ਸ਼ਹੀਦ ਦੇ ਪਰਿਵਾਰ ਤੋਂ ਬੇਟੀ ਹਰਲੀਨ ਕੌਰ ਨੂੰ ਸਿਰੋਪਾਓ ਨਾਲ ਨਿਵਾਜਿਆ। ਇਹ ਪਹਿਲੀ ਵਾਰ ਹੈ ਜਦੋਂ ਬੇਅੰਤ ਸਿੰਘ ਕਤਲ ਕੇਸ ’ਚ ਸ਼ਾਮਲ ਕੈਦੀਆਂ ਲਈ ਸਿਰੋਪਾਓ ਅਕਾਲ ਤਖ਼ਤ ਸਾਹਿਬ ਵਲੋਂ ਭੇਟ ਕੀਤੇ ਗਏ। ਭਾਈ ਹਵਾਰਾ ਦਾ ਸਨਮਾਨ ਬਾਪੂ ਗੁਰਚਰਨ ਸਿੰਘ ਨੂੰ ਦਿੱਤਾ ਗਿਆ। ਸਮਾਗਮ ਮਗਰੋਂ ਗੁਰਦੁਆਰਾ ਸ਼ਹੀਦ ਗੰਜ ਵਿਖੇ ਸ਼ਹੀਦ ਦਿਲਾਵਰ ਸਿੰਘ ਬੱਬਰ ਨੂੰ ਸ਼ਰਧਾਂਜਲੀ ਭੇਟ ਗਈ।