ਪਠਾਨਕੋਟ: ਯੂਰੀਆ ਨਾ ਮਿਲਣ ਕਾਰਨ ਕਿਸਾਨ ਪ੍ਰੇਸ਼ਾਨ
ਖਾਦ ਦੀ ਘਾਟ ਕਾਰਨ ਪੀਲੀਆਂ ਪੈਣ ਲੱਗੀਆਂ ਫ਼ਸਲਾਂ
Advertisement
ਯੂਰੀਆ ਖਾਦ ਨਾ ਮਿਲਣ ਕਾਰਨ ਪੂਰੇ ਖੇਤਰ ਦੇ ਕਿਸਾਨ ਪਿਛਲੇ ਮਹੀਨੇ ਤੋਂ ਪ੍ਰੇਸ਼ਾਨ ਹਨ ਪਰ ਨਾ ਤਾਂ ਖੇਤੀਬਾੜੀ ਵਿਭਾਗ ਅਤੇ ਨਾ ਹੀ ਸਰਕਾਰ ਇਸ ਵੱਲ ਕੋਈ ਧਿਆਨ ਦੇ ਰਹੀ ਹੈ। ਇਹ ਪ੍ਰਗਟਾਵਾ ਰਾਣੀਪੁਰ ਛੋਟਾ ਦੇ ਕਿਸਾਨਾਂ ਨੇ ਆਪਣੇ ਖੇਤਾਂ ਵਿੱਚ ਫਸਲ ਨੂੰ ਦਿਖਾਉਂਦਿਆਂ ਕੀਤਾ।ਪਿੰਡ ਰਾਣੀਪੁਰ ਛੋਟਾ ਦੇ ਸਰਪੰਚ ਗੁਰਨਾਮ ਸਿੰਘ, ਕਿਸਾਨ ਲਵਲੀ ਭੂਰੀ, ਬਲਵਿੰਦਰ ਸਿੰਘ, ਸੋਹਨ ਸਿੰਘ, ਕਰਨੈਲ ਸਿੰਘ, ਤਰਸੇਮ ਲਾਲ, ਅਜੀਤ ਭੂਰੀ ਤੇ ਉਂਕਾਰ ਸਿੰਘ ਆਦਿ ਨੇ ਦੱਸਿਆ ਕਿ ਪਿਛਲੇ ਇੱਕ ਮਹੀਨੇ ਤੋਂ ਖੇਤਰ ਦੀ ਕਿਸੇ ਵੀ ਦੁਕਾਨ ਵਿੱਚ ਯੂਰੀਆ ਦੀ ਖਾਦ ਨਹੀਂ ਮਿਲ ਰਹੀ। ਇਸ ਦੇ ਚਲਦੇ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਮਹੀਨੇ ਤੋਂ ਲਗਾਤਾਰ ਯੂਰੀਆ ਖਾਦ ਦੀਆਂ ਦੁਕਾਨਾਂ ਦੇ ਚੱਕਰ ਕੱਟ-ਕੱਟ ਕੇ ਉਹ ਥੱਕ-ਹਾਰ ਚੁੱਕੇ ਹਨ ਪਰ ਸਿਵਾਏ ਲਾਰਿਆਂ ਦੇ ਕੁਝ ਵੀ ਪੱਲੇ ਨਹੀਂ ਪੈ ਰਿਹਾ ਜਦ ਕਿ ਇਸ ਸਮੇਂ ਮੱਕੀ ਦੇ ਨਾਲ-ਨਾਲ ਝੋਨੇ ਅਤੇ ਪਸ਼ੂਆਂ ਲਈ ਲਗਾਏ ਗਏ ਚਾਰੇ ਨੂੰ ਯੂਰੀਆ ਦੀ ਬਹੁਤ ਜ਼ਰੂਰਤ ਹੈ ਪਰ ਯੂਰੀਆ ਨਾ ਮਿਲਣ ਕਾਰਨ ਕਿਸਾਨਾਂ ਦੀਆਂ ਫਸਲਾਂ ਪੀਲੀਆਂ ਪੈਣੀਆਂ ਸ਼ੁਰੂ ਹੋ ਗਈਆਂ ਹਨ। ਜੇਕਰ ਹਾਲੇ ਵੀ ਯੂਰੀਆ ਨਹੀਂ ਮਿਲਿਆ ਤਾਂ ਕਿਸਾਨਾਂ ਦੀਆਂ ਫਸਲਾਂ ਦੀ ਪੈਦਾਵਾਰ ਘੱਟ ਹੋ ਜਾਵੇਗੀ।
ਉਨ੍ਹਾਂ ਕਿਹਾ ਕਿ ਵਾਰ-ਵਾਰ ਵਿਭਾਗ ਦੱਸਣ ਦੇ ਬਾਵਜੂਦ ਅੱਜ ਤੱਕ ਖਾਦ ਦੀਆਂ ਦੁਕਾਨਾਂ ਤੇ ਯੂਰੀਆ ਖਾਦ ਮੁਹੱਈਆ ਨਹੀਂ ਕਰਵਾਈ ਜਾ ਸਕੀ। ਉਨ੍ਹਾਂ ਸਰਕਾਰ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕਰਦਿਆਂ ਕਿ ਜਲਦੀ ਤੋਂ ਜਲਦੀ ਕਿਸਾਨਾਂ ਨੂੰ ਯੂਰੀਆ ਮੁਹੱਈਆ ਕਰਵਾਈ ਜਾਵੇ ਤਾਂ ਜੋ ਉਹ ਆਪਣੀਆਂ ਫਸਲਾਂ ਨੂੰ ਪਾ ਸਕਣ।
Advertisement
Advertisement