ਧਰਨਾ ਦੇ ਰਹੇ ਟੌਲ ਕਰਮਚਾਰੀਆਂ ’ਤੇ ਹਮਲਾ
ਇੱਥੋਂ ਨਜ਼ਦੀਕੀ ਜੀਟੀ ਰੋਡ ਉੱਪਰ ਸਥਿਤ ਨਿੱਜਰਪੁਰਾ ਟੌਲ ਪਲਾਜ਼ਾ ਉੱਪਰ ਧਰਨਾ ਦੇ ਰਹੇ ਟੌਲ ਕਰਮਚਾਰੀਆਂ ਉੱਪਰ ਕੁਝ ਹਥਿਆਰਬੰਦਾਂ ਨੇ ਹਮਲਾ ਕਰ ਦਿੱਤਾ। ਇਸ ਵਿੱਚ ਤਿੰਨ ਟੌਲ ਕਰਮਚਾਰੀ ਜ਼ਖ਼ਮੀ ਹੋ ਗਏ। ਇਨ੍ਹਾਂ ਨੂੰ ਸਰਕਾਰੀ ਹਸਪਤਾਲ ਮਾਨਾਂਵਾਲਾ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਟੌਲ ਮੈਨੇਜਰ ਰਾਸ਼ਿਦ ਤੇ ਨਿਰਭੈ ਸਿੰਘ ਨੇ ਦੱਸਿਆ ਹਾਈਵੇਅ ਅਥਾਰਿਟੀ ਵੱਲੋਂ ਹਟਾਏ ਕੁਝ ਕਰਮਚਾਰੀ ਟੌਲ ਪਲਾਜ਼ਾ ’ਤੇ ਧਰਨਾ ਦੇ ਰਹੇ ਸਨ। ਇਸ ਦੀ ਸੂਚਨਾ ਉਨ੍ਹਾਂ ਨੇ ਪੁਲੀਸ ਨੂੰ ਦੇ ਦਿੱਤੀ ਸੀ। ਮੈਨੇਜਰ ਨੇ ਦੱਸਿਆ ਦੁਪਹਿਰ ਦੇ ਵੇਲੇ ਧਰਨਾਕਾਰੀਆਂ ਨੇ ਜਦੋਂ ਟੌਲ ਮੁਫ਼ਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਦੂਜੇ ਟੌਲ ਕਰਮਚਾਰੀਆਂ ਤੇ ਪ੍ਰਦਰਸ਼ਨਕਾਰੀਆਂ ਵਿੱਚ ਤਕਰਾਰ ਹੋ ਗਈ। ਪੁਲੀਸ ਨੇ ਤੁਰੰਤ ਪਹੁੰਚ ਕੇ ਸਥਿਤੀ ਨੂੰ ਕਾਬੂ ਹੇਠ ਕੀਤਾ।
ਦੂਜੇ ਪਾਸੇ, ਬਲਵਿੰਦਰ ਸਿੰਘ, ਗੁਰਵੇਲ ਸਿੰਘ ਅਤੇ ਕੁਲਦੀਪ ਸਿੰਘ ਲਾਡੀ ਨੇ ਦੱਸਿਆ ਕਿ ਉਹ ਆਪਣੀਆਂ ਮੰਗਾਂ ਦੇ ਸਬੰਧ ’ਚ ਤੇ ਬਲਵਿੰਦਰ ਸਿੰਘ ਨੂੰ ਬਿਨਾਂ ਕਾਰਨ ਨੌਕਰੀ ਤੋਂ ਹਟਾਉਣ ਦੇ ਰੋਸ ਵਜੋਂ ਧਰਨਾ ਦੇ ਰਹੇ ਸਨ। ਟੌਲ ’ਤੇ ਸਥਿਤ ਕੁਝ ਕਰਮਚਾਰੀਆਂ ਨੇ ਕੁਝ ਗੁੰਡਾ ਅਨਸਰਾਂ ਸਣੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਟੌਲ ਮੁਫ਼ਤ ਨਹੀਂ ਕੀਤਾ ਅਤੇ ਨਾ ਹੀ ਕੰਮ ਵਿੱਚ ਕੋਈ ਦਖ਼ਲਅੰਦਾਜ਼ੀ ਕੀਤੀ।
ਟੌਲ ਯੂਨੀਅਨ ਦੇ ਪ੍ਰਧਾਨ ਬਾਈ ਨਛੱਤਰ ਸਿੰਘ ਨੇ ਕਿਹਾ ਆਪਣੀਆਂ ਹੱਕਾਂ ਦੀ ਮੰਗ ਕਰ ਰਹੇ ਟੌਲ ਕਰਮਚਾਰੀਆਂ ਨੂੰ ਜੇ ਇਨਸਾਫ਼ ਨਾ ਮਿਲਿਆ ਤਾਂ ਉਹ ਭਲਕ ਤੋਂ ਸੂਬੇ ਭਰ ਦੇ ਟੌਲਾਂ ਉੱਪਰ ਜਾਮ ਲਗਾ ਦੇਣਗੇ।
ਐਸਐਚਓ ਜੰਡਿਆਲਾ ਗੁਰੂ ਇੰਸਪੈਕਟਰ ਮੁਖਤਿਆਰ ਸਿੰਘ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਤੇ ਟੌਲ ਮੁਲਾਜ਼ਮਾਂ ਦੇ ਝਗੜੇ ’ਚ ਜ਼ਖ਼ਮੀ ਹੋਣ ਵਾਲਿਆਂ ਨੂੰ ਸਰਕਾਰੀ ਹਸਪਤਾਲ ਮਾਨਾਂਵਾਲਾ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਮੈਡੀਕਲ ਰਿਪੋਰਟ ਦੇ ਆਧਾਰ ਅਤੇ ਜਾਂਚ ਮਗਰੋਂ ਕਾਰਵਾਈ ਕੀਤੀ ਜਾਵੇਗੀ।