ਡਾਕਟਰ ’ਤੇ ਹਮਲਾ: ਦੋ ਮੁਲਜ਼ਮ ਪੁਲੀਸ ਮੁਕਾਬਲੇ ਮਗਰੋਂ ਕਾਬੂ
ਇਸ ਸਬੰਧੀ ਐੱਸਐੱਸਪੀ ਮਨਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਪੁਆਇੰਟ 30 ਬੋਰ ਦੇ ਦੋ ਪਿਸਤੌਲ ਅਤੇ ਮੋਟਰਸਾਈਕਲ ਬਰਾਮਦ ਹੋਇਆ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀ ਥਾਣਾ ਰਮਦਾਸ ਹੇਠ ਆਉਂਦੇ ਪਿੰਡ ਸੁਧਾਰ ਵਿੱਚ ਡਾਕਟਰ ਕੁਲਵਿੰਦਰ ਸਿੰਘ ਨੂੰ ਮਾਰ ਦੇਣ ਦੀ ਨੀਅਤ ਨਾਲ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ ਜਿਸ ਵਿੱਚ ਉਹ ਜ਼ਖਮੀ ਹੋ ਗਿਆ ਸੀ। ਇਸ ਸਬੰਧੀ ਜ਼ਖਮੀ ਡਾਕਟਰ ਦੇ ਭਰਾ ਦੇ ਬਿਆਨਾਂ ’ਤੇ ਥਾਣਾ ਰਮਦਾਸ ਵਿੱਚ 12 ਸਤੰਬਰ ਨੂੰ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਪੁਲੀਸ ਵੱਲੋਂ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਸੀ।
ਉਨ੍ਹਾਂ ਦੱਸਿਆ ਕਿ ਅੱਜ ਰਮਦਾਸ ਦੀ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਸੰਦੀਪ ਉਰਫ ਜਾਨੀ ਅਤੇ ਹਰੀ ਕੁਮਾਰ ਉਰਫ ਹੈਰੀ ਦੋਵਾਂ ਨੂੰ ਇੱਥੇ ਰਈਆ ਨੇੜੇ ਨਹਿਰ ਕੋਲ ਦੇਖਿਆ ਗਿਆ ਹੈ। ਇਸ ਸੂਚਨਾ ਦੇ ਆਧਾਰ ’ਤੇ ਪੁਲੀਸ ਨੇ ਮੁਲਜ਼ਮਾਂ ਦਾ ਪਿੱਛਾ ਕੀਤਾ। ਉਨ੍ਹਾਂ ਦੱਸਿਆ ਕਿ ਜਦੋਂ ਪੁਲੀਸ ਇਨ੍ਹਾਂ ਦਾ ਪਿੱਛਾ ਕਰ ਰਹੀ ਸੀ ਤਾਂ ਇਨ੍ਹਾਂ ਦਾ ਮੋਟਰਸਾਈਕਲ ਸਲਿੱਪ ਹੋ ਗਿਆ ਅਤੇ ਇਨ੍ਹਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਵੱਲੋਂ ਪੁਲੀਸ ਟੀਮ ਤੇ ਗੋਲੀ ਵੀ ਚਲਾਈ ਗਈ। ਇਸ ਦੌਰਾਨ ਸਬ ਇੰਸਪੈਕਟਰ ਆਗਿਆਪਾਲ ਜ਼ਖਮੀ ਹੋ ਗਏ। ਜਵਾਬੀ ਕਾਰਵਾਈ ਵਿੱਚ ਪੁਲੀਸ ਪਾਰਟੀ ਨੇ ਵੀ ਗੋਲੀ ਚਲਾਈ ਅਤੇ ਮੁਲਜਮ ਜਖਮੀ ਹੋ ਗਏ। ਇਹਨਾਂ ਦੀਆਂ ਲੱਤਾਂ ਵਿੱਚ ਗੋਲੀਆਂ ਲੱਗੀਆਂ ਹਨ ਅਤੇ ਇਹਨਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਸਬੰਧ ਵਿੱਚ ਇੱਕ ਵੱਖਰਾ ਕੇਸ ਥਾਣਾ ਖਿਲਚੀਆ ਵਿੱਚ ਦਰਜ ਕੀਤਾ ਗਿਆ ਹੈ।