ਰਾਹਤ ਪ੍ਰਬੰਧਾਂ ਨੂੰ ਲੈ ਕੇ ਅਸ਼ਵਨੀ ਸ਼ਰਮਾ ਅਤੇ ਮੰਤਰੀ ਕਟਾਰੂਚੱਕ ਆਹਮੋ-ਸਾਹਮਣੇ
ਪੰਜਾਬ ਵਿੱਚ ਹੜ੍ਹਾਂ ਨੂੰ ਲੈ ਕੇ ਕੀਤੇ ਜਾ ਰਹੇ ਰਾਹਤ ਪ੍ਰਬੰਧਾਂ ’ਤੇ ਸਿਆਸਤ ਮੱਘ ਗਈ ਹੈ ਅਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਦੇਸ਼ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੋਵੇਂ ਸਾਹਮਣੇ ਹੋ ਗਏ ਹਨ।
ਅਸ਼ਵਨੀ ਸ਼ਰਮਾ ਰਾਵੀ ਦਰਿਆ ਨਾਲ ਪ੍ਰਭਾਵਿਤ ਹੋਏ ਭੋਆ ਵਿਧਾਨ ਸਭਾ ਹਲਕੇ ਦੇ ਪਿੰਡ ਪੰਮਾ ਵਿੱਚ ਗਏ, ਜਿੱਥੇ ਉਨ੍ਹਾਂ ਆਮ ਆਦਮੀ ਪਾਰਟੀ ਉੱਪਰ ਸਵਾਲ ਕੀਤਾ ਕਿ ਸਾਲ 2023 ਵਿੱਚ ਆਏ ਹੜ੍ਹਾਂ ਦੌਰਾਨ ਆਮ ਆਦਮੀ ਪਾਰਟੀ ਨੇ ਐਲਾਨ ਕੀਤਾ ਸੀ ਕਿ ਕੁਕੜੀਆਂ, ਬੱਕਰੀਆਂ ਤੱਕ ਦਾ ਵੀ ਮੁਆਵਜ਼ਾ ਦਿੱਤਾ ਜਾਵੇਗਾ ਪਰ ਇਹ ਮੁਆਵਜ਼ਾ ਅਜੇ ਤੱਕ ਨਹੀਂ ਦਿੱਤਾ ਗਿਆ ਤੇ ਕਿਸਾਨ ਰੋ ਰਹੇ ਹਨ।
ਉਨ੍ਹਾਂ ਖਦਸ਼ਾ ਪ੍ਰਗਟ ਕੀਤਾ ਕਿ ਕੁਦਰਤੀ ਆਫਤਾਂ ਲਈ ਮਿਲਿਆ ਪਿਛਲੇ ਸਮੇਂ ਦਾ ਫੰਡ ਕਿਧਰੇ ‘ਆਪ’ ਦੇ ਸੁਪਰੀਮੋ ਕੇਜਰੀਵਾਲ ਨੂੰ ਖੁਸ਼ ਕਰਨ ਲਈ ਹਵਾਈ ਜਹਾਜ਼ਾਂ ’ਤੇ ਵਿਗਿਆਪਣਾਂ ਉੱਤੇ ਤਾਂ ਨਹੀਂ ਖ਼ਰਚ ਕਰ ਦਿੱਤਾ। ਇਸ ਦਾ ‘ਆਪ’ ਨੂੰ ਹਿਸਾਬ ਦੇਣਾ ਪਵੇਗਾ।
ਇਸ ਦੇ ਜਵਾਬ ਵਿੱਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਵੀ ਅਸ਼ਵਨੀ ਸ਼ਰਮਾ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਅਤੇ ਪ੍ਰਧਾਨ ਮੰਤਰੀ ਉੱਪਰ ਵੀ ਸਵਾਲ ਕਰ ਦਿੱਤਾ ਕਿ ਪ੍ਰਧਾਨ ਮੰਤਰੀ ਨੇ ਹਾਲ ਹੀ ਵਿੱਚ ਆਪਣੇ ਦੌਰੇ ਦੌਰਾਨ ਪੰਜਾਬੀ ਮਾਂ ਬੋਲੀ ਦਾ ‘ਅਪਮਾਨ’ ਕੀਤਾ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਸਾਡੀ ਮਾਤ ਭਾਸ਼ਾ ਵੀ ਪਸੰਦ ਨਹੀਂ ਕਰਦੀ। ਭਾਜਪਾ ਝੂੱਠੇ ਅੰਕੜੇ ਪੇਸ਼ ਕਰਦੀ ਹੈ। ਪੁਰਾਣੀਆਂ ਸਰਕਾਰਾਂ ਵੇਲੇ ਦਾ ਆਇਆ ਆਫਤ ਪ੍ਰਬੰਧਾਂ ਦਾ ਪੈਸਾ ਵੀ ਸਾਡੇ ਖਾਤੇ ਵਿੱਚ ਪਾ ਰਹੀ ਹੈ।