ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਬਿਨਾਂ ਤਨਖ਼ਾਹ ਤੋਂ ਸੇਵਾਵਾਂ ਜਾਰੀ ਰੱਖਣ ਲਈ ਮਜਬੂਰ
ਜ਼ਿਲ੍ਹਾ ਪ੍ਰੋਗਰਾਮ ਦਫ਼ਤਰ ਅੱਗੇ ਪ੍ਰਦਰਸ਼ਨ ਪਹਿਲੀ ਨੂੰ
Advertisement
ਸਰਵ ਆਂਗਣਵਾੜੀ ਵਰਕਰ ਅਤੇ ਹੈਲਪਰ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਵੀਡੀਓ ਕਾਨਫਰੰਸਿੰਗ ਰਾਹੀਂ ਸੂਬਾ ਪ੍ਰਧਾਨ ਬਰਿੰਦਰਜੀਤ ਕੌਰ ਛੀਨਾ ਦੀ ਅਗਵਾਈ ਹੇਠ ਹੋਈ। ਯੂਨੀਅਨ ਦੇ ਸੂਬਾ ਪ੍ਰਧਾਨ ਬਰਿੰਦਰਜੀਤ ਕੌਰ ਛੀਨਾ ਅਤੇ ਜ਼ਿਲ੍ਹਾ ਗੁਰਦਾਸਪੁਰ/ਬਲਾਕ ਧਾਰੀਵਾਲ ਪ੍ਰਧਾਨ ਕੰਵਲਜੀਤ ਕੌਰ ਚਾਹਲ ਨੇ ਦੱਸਿਆ ਪੰਜਾਬ ਸਰਕਾਰ ਨੇ ਆਂਗਣਵਾੜੀ ਵਰਕਰਾਂ ਨੂੰ ਕੇਂਦਰ ਸਰਕਾਰ ਦਾ ਮਾਣ ਭੱਤਾ (ਪ੍ਰਤੀ ਮਹੀਨਾ 4500 ਰੁਪਏ) ਪਿਛਲੇ ਛੇ ਮਹੀਨਿਆਂ ਤੋਂ ਨਹੀਂ ਦਿੱਤਾ। ਆਂਗਣਵਾੜੀ ਵਰਕਰਾਂ ਹੈਲਪਰਾਂ ਨੂੰ ਬਿਨਾ ਤਨਖਾਹ ਤੋਂ ਗੁਜ਼ਾਰਾ ਮੁਸ਼ਕਲ ਹੋਇਆ ਪਿਆ ਹੈ। ਪੰਜਾਬ ਵਿੱਚ ਆਏ ਹੜ੍ਹਾਂ ਦੀ ਮਾਰ ਦੀ ਤ੍ਰਾਸਦੀ ਨਾਲ ਆਂਗਣਵਾੜੀ ਵਰਕਰਾਂ ਹੈਲਪਰਾਂ ਵੀ ਜੂਝ ਰਹੀਆਂ ਹਨ। ਇਸ ਸੰਕਟ ਦੌਰਾਨ ਬਿਨਾ ਤਨਖਾਹ ਤੋਂ ਆਂਗਣਵਾੜੀ ਵਰਕਰਾਂ ਹੈਲਪਰਾਂ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਫਰੰਟ ਲਾਈਨ ਵਰਕਰ ਦੀ ਡਿਊਟੀ ਨਿਭਾ ਰਹੀਆਂ ਹਨ। ਯੂਨੀਅਨ ਦੀ ਪੰਜਾਬ ਪ੍ਰਧਾਨ ਬਰਿੰਦਰਜੀਤ ਕੌਰ ਛੀਨਾ, ਜਨਰਲ ਸਕੱਤਰ ਹਰਪ੍ਰੀਤ ਕੌਰ ਸਿੰਗਪੁਰਾ, ਮੀਤ ਪ੍ਰਧਾਨ ਸਤਵਿੰਦਰ ਕੌਰ, ਪ੍ਰੈੱਸ ਸਕੱਤਰ ਮਧੂ ਕੁਮਾਰੀ ਅਤੇ ਜ਼ਿਲ੍ਹਾ ਗੁਰਦਾਸਪੁਰ ਦੀ ਪ੍ਰਧਾਨ ਕੰਵਲਜੀਤ ਕੌਰ ਚਾਹਲ ਨੇ ਚਿਤਾਵਨੀ ਦਿੱਤੀ ਕਿ ਜੇਕਰ 30 ਸਤੰਬਰ ਤੱਕ ਬਕਾਇਆ ਤਨਖਾਹਾਂ ਜਾਰੀ ਨਾ ਕੀਤੀਆਂ ਤਾਂ ਪਹਿਲੀ ਅਕਤੂਬਰ ਨੂੰ ਪੂਰੇ ਪੰਜਾਬ ਵਿੱਚ ਜ਼ਿਲ੍ਹਾ ਪ੍ਰੋਗਰਾਮ ਦਫ਼ਤਰ ਅੱਗੇ ਵੱਡੇ ਪੱਧਰ ’ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ।
Advertisement
Advertisement