ਅੰਮ੍ਰਿਤਸਰ: ਹੜ੍ਹ ਪ੍ਰਭਾਵਿਤ 19 ਪਿੰਡਾਂ ਦੇ ਖੇਤਾਂ ’ਚੋਂ ਰੇਤ ਤੇ ਗਾਰ ਹਟਾਉਣ ਲਈ ਪ੍ਰਵਾਨਗੀ
ਹੜ੍ਹ ਪ੍ਰਭਾਵਿਤ ਇਲਾਕੇ ਦੇ ਕੁਝ ਖੇਤਰ ਵਿੱਚੋਂ ਪਾਣੀ ਉਤਰਨ ਤੋਂ ਬਾਅਦ ਚੱਲ ਰਹੀ ਬਾਕੀ ਪ੍ਰਕਿਰਿਆ ਦੌਰਾਨ ਅਜਨਾਲਾ ਹਲਕੇ ਦੇ 19 ਪਿੰਡਾਂ ਦੀ ਸ਼ਨਾਖਤ ਕੀਤੀ ਗਈ ਹੈ ਜਿਨ੍ਹਾਂ ਵਿੱਚ ਰੇਤ ਮਿਲੀ ਹੈ। ਇਹ ਖੁਲਾਸਾ ਪੰਜਾਬ ਸਰਕਾਰ ਵੱਲੋਂ ਗਠਿਤ ਕਮੇਟੀ ਵੱਲੋਂ ਹੁਣ ਤੱਕ ਕੀਤੀਆਂ ਗਈਆਂ ਸਰਵੇ ਰਿਪੋਰਟਾਂ ਅਨੁਸਾਰ ਹੈ ਜਿਸ ਵਿੱਚ ਅਜਨਾਲਾ ਹਲਕੇ ਦੇ ਹੜ੍ਹ ਪ੍ਰਭਾਵਿਤ 19 ਪਿੰਡਾਂ ਦੀ ਸ਼ਨਾਖਤ ਕੀਤੀ ਗਈ ਹੈ ਜਿਨ੍ਹਾਂ ਵਿੱਚ ਰੇਤ ਪਾਈ ਗਈ ਹੈ। ਕਮੇਟੀ ਵੱਲੋਂ ਪਾਣੀ ਉਤਰ ਜਾਣ ਤੋਂ ਬਾਅਦ ਹੋਰ ਪਿੰਡਾਂ ਦੀ ਸੂਚੀ ਵੀ ਜਾਰੀ ਕੀਤੀ ਜਾਵੇਗੀ।
ਇਸ ਸਬੰਧੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ 19 ਪਿੰਡਾਂ ਦੇ ਪ੍ਰਭਾਵਿਤ ਖੇਤਾਂ ਵਿਚੋਂ ਗਾਰ, ਰੇਤ ਅਤੇ ਹੋਰ ਦਰਿਆਈ ਪਦਾਰਥ ਨੂੰ ਬਾਹਰ ਕਰਨ ਅਤੇ ਹਟਾਉਣ ਦੀ ਪ੍ਰਵਾਨਗੀ ਪ੍ਰਭਾਵਿਤ ਕਿਸਾਨਾਂ ਜਾ ਕਿਸਾਨ ਸਮੂਹ ਨੂੰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਕਾਰਜਕਾਰੀ ਇੰਜਨੀਅਰ/ਅੰਮ੍ਰਿਤਸਰ ਜਲ ਨਿਕਾਸ ਮਾਈਨਿੰਗ ਅਤੇ ਜਿਓਲੋਜੀ ਮੰਡਲ ਅਤੇ ਸਬੰਧਤ ਉਪ ਮੰਡਲ ਮੈਜਿਸਟਰੇਟ ਯਕੀਨੀ ਬਣਾਉਣਗੇ ਕਿ ਗਾਰ, ਰੇਤ ਅਤੇ ਹੋਰ ਦਰਿਆਈ ਪਦਾਰਥ ਵਾਹੀਯੋਗ ਖੇਤਾਂ ਵਿੱਚ ਹਟਾਉਣ ਸਮੇਂ ਖੇਤ ਦੀ ਜ਼ਮੀਨ ਦੀ ਸਤਹਿ ਨੂੰ ਨਿਯਮਾਂ ਅਨੁਸਾਰ ਕੋਈ ਨੁਕਸਾਨ ਨਾ ਹੋਵੇ। ਇਸ ਦੇ ਨਾਲ ਹੀ ਇਹ ਵਿਭਾਗ ਇਹ ਯਕੀਨੀ ਬਣਾਉਣਗੇ ਕਿ ਜਦੋਂ ਵਾਹੀਯੋਗ ਖੇਤਾਂ ਵਿੱਚੋਂ ਗਾਰ, ਰੇਤ ਅਤੇ ਹੋਰ ਦਰਿਆਈ ਪਦਾਰਥ ਨੂੰ ਹਟਾਇਆ ਜਾਂਦਾ ਹੈ ਤਾਂ ਉਸ ਦੀ ਆੜ ਵਿੱਚ ਮਨਜ਼ੂਰਸ਼ੁਦਾ ਰਿਵਰਬੈੱਡ ਮਾਈਨ, ਕਮਰਸ਼ੀਅਲ ਮਾਈਨਿੰਗ ਸਾਈਟ ਜਾਂ ਪਬਲਿਕ ਮਾਈਨਿੰਗ ਸਾਈਟ ਵਿੱਚੋਂ ਕੋਈ ਉਕਤ ਪਦਾਰਥ ਨਾ ਹਟਾਇਆ ਜਾਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 19 ਪਿੰਡਾਂ ਵਿੱਚ ਮਲਕਪੁਰ, ਦਰਿਆ ਮੂਸਾ, ਘੋਨੇਵਾਲਾ, ਸਹਾਰਨ, ਕੱਸੇਵਾਹਲਾ, ਆਰਜੀ ਸਹਾਰਨ, ਮਹਿਮਦ ਮੰਦਰਾਂ ਵਾਲਾ, ਚਾਹੜਪੁਰ, ਕੋਟ ਰਜਾਦਾ, ਆਰਾਜੀ ਕੋਟ ਰਜਾਦਾ, ਪੰਜ ਗਰਾਈਂਵਾਲਾ, ਘੁਮਰਾਏ, ਮਾਛੀਵਾਲਾ, ਮੰਗੂਨਾੜ, ਸ਼ਹਿਜਾਦਾ, ਕਮਾਲਪੁਰ ਖੁਰਦ, ਨੰਗਲ ਸੋਹਨ, ਰੂੜ੍ਹੇਵਾਲ ਅਤੇ ਬੁੱਢਾ ਵਰਸਾਲ ਸ਼ਾਮਲ ਹਨ।
ਡੀਸੀ ਨੇ ਦੱਸਿਆ ਕਿ ਜਿਹੜੇ ਕਿਸਾਨ ਘੱਟ ਰਕਬੇ ਦੀ ਮਾਲਕ ਜਾਂ ਕਾਸ਼ਤਕਾਰ ਹਨ ਅਤੇ ਉਨ੍ਹਾਂ ਕੋਲ ਆਪਣੀ ਕੋਈ ਮਸ਼ੀਨਰੀ ਨਹੀਂ ਹੈ ਤਾਂ ਉਹ ਸਰਕਾਰੀ ਨੀਤੀ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਨਾਲ ਰਾਬਤਾ ਕਾਇਮ ਕਰ ਸਕਦੇ ਹਨ ਤਾਂ ਜੋ ਲੋੜੀਂਦੀ ਮਸ਼ੀਨੀ ਉਨ੍ਹਾਂ ਨੂੰ ਮੁਹੱਈਆ ਕਰਵਾਈ ਜਾ ਸਕੇ। ਉਨ੍ਹਾਂ ਦੱਸਿਆ ਕਿ ਵਾਹੀਯੋਗ ਖੇਤਾਂ ਵਿੱਚੋਂ ਗਾਰ, ਰੇਤ ਅਤੇ ਹੋਰ ਦਰਿਆਈ ਪਦਾਰਥ ਹਟਾਉਣ ਦੀ ਕਾਰਵਾਈ ਅਗਲੀ ਬਿਜਾਈ ਤੋਂ ਪਹਿਲਾਂ ਮੁਕੰਮਲ ਹੋਣਗੇ।