ਅਮਰਨਾਥ ਯਾਤਰਾ: ਵਿਸ਼ੇਸ਼ ਡੀਜੀਪੀ ਵੱਲੋਂ ਉੱਚ ਪੱਧਰੀ ਮੀਟਿੰਗ
ਐੱਨਪੀ ਧਵਨ
ਪਠਾਨਕੋਟ, 26 ਜੂਨ
ਤਿੰਨ ਜੁਲਾਈ ਤੋਂ ਸ਼ੁਰੂ ਹੋਣ ਵਾਲੀ ਅਮਰਨਾਥ ਯਾਤਰਾ ਦੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਲੈ ਕੇ ਪੰਜਾਬ ਪੁਲੀਸ ਦੇ ਵਿਸ਼ੇਸ਼ ਡਾਇਰੈਕਟਰ ਜਨਰਲ (ਡੀਜੀਪੀ) ਕਾਨੂੰਨ ਅਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਜੰਮੂ-ਕਸ਼ਮੀਰ ਦੀ ਹੱਦ ਨਾਲ ਲੱਗਦੇ ਮਾਧੋਪੁਰ ਵਿੱਚ ਪੰਜਾਬ, ਜੰਮੂ-ਕਸ਼ਮੀਰ ਅਤੇ ਹਿਮਾਚਲ ਦੇ ਅੰਤਰਰਾਜੀ ਤਿੰਨਾਂ ਰਾਜਾਂ ਦੀ ਕੋਆਰਡੀਨੇਸ਼ਨ ਕਮੇਟੀ ਦੀ ਉਚ-ਪੱਧਰੀ ਮੀਟਿੰਗ ਕੀਤੀ। ਮੀਟਿੰਗ ਵਿੱਚ ਸਰਹੱਦੀ ਖੇਤਰ ਅਤੇ ਯਾਤਰਾ ਸਬੰਧੀ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ। ਇਸ ਵਿੱਚ ਆਰਮੀ, ਏਅਰ ਫੋਰਸ, ਬੀਐੱਸਐੱਫ, ਪੰਜਾਬ ਪੁਲੀਸ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਇੰਟੈਲੀਜੈਂਸ ਤੇ ਸੈਂਟਰਲ ਏਜੰਸੀਆਂ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ। ਕਰੀਬ ਮਹੀਨੇ ਤੋਂ ਵੱਧ ਚੱਲਣ ਵਾਲੀ ਅਮਰਨਾਥ ਯਾਤਰਾ ਦੌਰਾਨ ਇੱਕਜੁੱਟ ਹੋ ਕੇ ਚੌਕਸੀ ਵਰਤਣ ਅਤੇ ਸੁਰੱਖਿਆ ਮੁਹਈਆ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ।
ਵਿਸ਼ੇਸ਼ ਡੀਜੀਪੀ ਅਰਪਿਤ ਸ਼ੁਕਲਾ ਨੇ ਕਿਹਾ ਕਿ ਪਹਿਲਗਾਮ ਵਿੱਚ ਵਾਪਰੀ ਅਤਿਵਾਦੀਆਂ ਦੀ ਕਾਰਵਾਈ ਤੋਂ ਚੌਕਸ ਹੁੰਦੇ ਹੋਏ ਇਸ ਵਾਰ ਵੱਧ ਸੁਰੱਖਿਆ ਦਸਤੇ ਤਾਇਨਾਤ ਕੀਤੇ ਜਾ ਰਹੇ ਹਨ ਤਾਂ ਜੋ ਪੰਜਾਬ ਖੇਤਰ ਵਿੱਚੋਂ ਲੰਘ ਕੇ ਜੰਮੂ-ਕਸ਼ਮੀਰ ਜਾਣ ਵਾਲੇ ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਇੱਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਪਾਕਿਸਤਾਨ ਹਮੇਸ਼ਾਂ ਹੀ ਇਥੋਂ ਦੀ ਸ਼ਾਂਤੀ ਭੰਗ ਕਰਨ ਲਈ ਘਟੀਆ ਕੋਸ਼ਿਸ਼ਾਂ ਕਰਦਾ ਰਹਿੰਦਾ ਹੈ ਪਰ ਪਾਕਿਸਤਾਨ ਦੇ ਭੈੜੇ ਮਨਸੂਬੇ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸ਼ੰਭੂ ਬਾਰਡਰ ਤੋਂ ਲੈ ਕੇ ਪਠਾਨਕੋਟ ਤੱਕ ਦੇ ਖੇਤਰ ਨੂੰ ਅਲੱਗ-ਅਲੱਗ ਸੈਕਟਰਾਂ ਵਿੱਚ ਵੰਡਿਆ ਗਿਆ ਹੈ ਅਤੇ ਹਰ ਸੈਕਟਰ ਦੀ ਸੁਰੱਖਿਆ ਦਾ ਜ਼ਿੰਮਾ ਕਮਾਂਡੈਂਟ ਰੈਂਕ ਦੇ ਅਧਿਕਾਰੀ ਨੂੰ ਦਿੱਤਾ ਗਿਆ ਹੈ। ਇਸ ਦੇ ਇਲਾਵਾ ਲੰਗਰਾਂ ਵਾਲੇ ਸਥਾਨਾਂ ਤੇ ਵੀ ਸੁਰੱਖਿਆ ਦਸਤੇ ਤਾਇਨਾਤ ਕੀਤੇ ਜਾਣਗੇ। ਇੱਕ ਸਵਾਲ ਦੇ ਜਵਾਬ ’ਚ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਇਸ ਵਾਰ ਯਾਤਰਾ ਦੌਰਾਨ ਹੈਲੀਕਾਪਟਰ ਦੀਆਂ ਸੇਵਾਵਾਂ ਨਹੀਂ ਵਰਤੀਆਂ ਜਾਣਗੀਆਂ।
ਮੀਟਿੰਗ ਵਿੱਚ ਡੀਆਈਜੀ ਬਾਰਡਰ ਰੇਂਜ ਸਤੇਂਦਰ ਸਿੰਘ, ਐਸਐਸਪੀ ਪਠਾਨਕੋਟ ਦਲਜਿੰਦਰ ਸਿੰਘ ਢਿਲੋਂ, ਡਿਪਟੀ ਕਮਿਸ਼ਨਰ ਪਠਾਨਕੋਟ ਆਦਿਤਿਆ ਉੱਪਲ, ਐਸਐਸਪੀ ਹੁਸ਼ਿਆਰਪੁਰ ਸੰਦੀਪ ਮਲਿਕ, ਡੀਸੀ ਹੁਸ਼ਿਆਰਪੁਰ ਆਸ਼ਿਕਾ ਜੈਨ, ਡੀਸੀ ਕਠੂਆ ਰਾਕੇਸ਼ ਮਨਹਾਸ, ਵਧੀਕ ਐਸਪੀ ਕਠੂਆ ਰਾਹੁਲ, ਕਮਾਂਡੈਂਟ ਸੁਨੀਤਾ ਰਾਣੀ ਤੇ ਬਹਾਦਰ ਸਿੰਘ, ਐਸਡੀਐਮ ਨੂਰਪੁਰ ਅਰੁਣ ਸ਼ਰਮਾ, ਡੀਐਸਪੀ ਹਿਮਾਚਲ ਵਿਸ਼ਾਲ ਵਰਮਾ, ਐਸਪੀ ਮਨੋਜ ਠਾਕੁਰ, ਡੀਐਸਪੀ ਨਛੱਤਰ ਸਿੰਘ, ਸੁਮੀਰ ਸਿੰਘ ਮਾਨ, ਸੁਖਜਿੰਦਰ ਸਿੰਘ ਤੋਂ ਇਲਾਵਾ ਆਰਮੀ, ਬੀਐਸਐਫ ਤੇ ਸੂਹੀਆ ਏਜੰਸੀਆਂ ਦੇ ਅਧਿਕਾਰੀ ਸ਼ਾਮਲ ਸਨ।