ਮੌਸਮ ਵਿਭਾਗ ਦੀ ਚਿਤਾਵਨੀ ਤੋਂ ਦਰਿਆਈ ਖੇਤਰਾਂ ’ਚ ਚੌਕਸੀ ਵਧਾਈ
ਰਣਜੀਤ ਸਾਗਰ ਡੈਮ ਵਿੱਚ 35 ਹਜ਼ਾਰ ਕਿਉਂਸਕ ਪਾਣੀ ਛੱਡੇ ਜਾਣ ਅਤੇ ਮੌਸਮ ਵਿਭਾਗ ਵੱਲੋਂ ਅਗਲੇ ਦਿਨਾ ਵਿੱਚ ਮੀਹ ਪੈਣ ਦੀ ਪੇਸ਼ੀਨਗੋਈ ਨੇ ਇਸ ਖਿਤੇ ਵਿਚ ਲੋਕਾਂ ਨੂੰ ਮੁੜ ਚਿੰਤਾ ਵਿੱਚ ਪਾ ਦਿੱਤਾ ਹੈ। ਦਸਣਯੋਗ ਹੈ ਕਿ ਰਾਵੀ ਦਰਿਆ ਅਤੇ ਬਿਆਸ ਦਰਿਆ ਵਿੱਚ ਆਏ ਹੜ੍ਹਾ ਕਾਰਨ ਮਾਝੇ ਦੇ ਕਈ ਜ਼ਿਲ੍ਹੇ ਪ੍ਰਭਾਵਿਤ ਹੋਏ ਸਨ ਅਤੇ ਵੱਡੀ ਗਿਣਤੀ ਲੋਕ ਵੀ ਪ੍ਰਭਾਵਿਤ ਹੋਏ ਸਨ। ਹੁਣ ਮੌਸਮ ਵਿਭਾਗ ਵੱਲੋਂ 4 ਅਕਤੂਬਰ ਤੋਂ 10 ਅਕਤੂਬਰ ਤੱਕ ਦੇ ਸਮੇਂ ਲਈ ਮੌਸਮ ਚਿਤਾਵਨੀ ਦੇ ਆਧਾਰ ’ਤੇ ਪੰਜਾਬ ਅਤੇ ਲੱਗਦੇ ਰਾਜਾਂ ਦੇ ਕੁਝ ਹਿੱਸਿਆਂ ਵਿੱਚ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਇਸ ਸਥਿਤੀ ਨੂੰ ਮੁੱਖ ਰੱਖਦੇ ਹੋਏ ਅਤੇ ਲੋਕਾਂ ਨੂੰ ਸੁਚੇਤ ਕਰਨ ਲਈ ਜ਼ਿਲ੍ਹਾ ਮੈਜਿਸਟਰੇਟ ਸਾਕਸ਼ੀ ਸਾਹਨੀ ਨੇ ਕਿਹਾ ਹੈ ਕਿ ਬਾਰਿਸ਼ ਦੌਰਾਨ ਰਾਖਵੇਂ ਡੈਮਾਂ ਤੋਂ ਪਾਣੀ ਛੱਡਣ ਅਤੇ ਹੋਣ ਵਾਲੀ ਬਾਰਿਸ਼ ਕਾਰਨ ਰਾਵੀ ਅਤੇ ਬਿਆਸ ਦਰਿਆ ਦੇ ਪਾਣੀ ਦੇ ਪੱਧਰ ਵਿੱਚ ਕੁਝ ਉਤਾਰ-ਚੜਾਅ ਹੋ ਸਕਦਾ ਹੈ। ਉਨ੍ਹਾਂ ਸਮੂਹ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਸਮੇਂ ਦੌਰਾਨ ਦਰਿਆ ਪਾਰ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਅਤੇ ਕਿਸਾਨ ਤੇ ਪਸ਼ੂ ਪਾਲਕ ਆਪਣੇ ਪਸ਼ੂਆਂ ਨੂੰ ਦਰਿਆ ਦੇ ਕੰਢੇ ਜਾਂ ਦਰਿਆ ਦੇ ਅੰਦਰ ਨਾ ਜਾਣ ਦੇਣ। ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਐਕਟ 2023 ਦੀ ਧਾਰਾ 163 ਦੇ ਅਧੀਨ ਜ਼ਿਲ੍ਹਾ ਮੈਜਿਸਟਰੇਟ ਨੇ ਆਪਣੇ ਹੁਕਮਾਂ ਵਿੱਚ ਕਿਹਾ ਹੈ ਕਿ ਟਿੱਪਰ ਅਤੇ ਹੋਰ ਮਸ਼ੀਨਰੀ ਨੂੰ ਤੁਰੰਤ ਬੰਨ੍ਹ ਜਾ ਧੁੱਸੀਆਂ ਦੇ ਮੁਰੰਮਤ ਦੇ ਕੰਮ ਲਈ ਤਰਜੀਹ ਦੇ ਕੇ ਕੰਮ ਮੁਕੰਮਲ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਇਹ ਹੁਕਮ ਸਿਰਫ ਸਾਵਧਾਨੀਆਂ ਵਜੋਂ ਅਤੇ ਲੋਕਾਂ ਦੀ ਸੁਰੱਖਿਆ ਹਿੱਤ ਜਾਰੀ ਕੀਤੇ ਗਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਬਣਾਏ ਰੱਖਣ ਅਤੇ ਇਨ੍ਹਾਂ ਦੀਆਂ ਹਦਾਇਤਾਂ ’ਤੇ ਧਿਆਨ ਨਾਲ ਅਮਲ ਕੀਤਾ ਜਾਵੇ।