ਏ ਕੇ-47 ਰਾਈਫਲ ਅਤੇ ਤਿੰਨ ਪਿਸਤੌਲ ਬਰਾਮਦ; ਤਿੰਨ ਕਾਬੂ
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਵਿੰਦਰ ਸਿੰਘ ਉਰਫ਼ ਗਿੰਦਰ ਵਾਸੀ ਸੰਗਰਾਈ, ਬਟਾਲਾ, ਵਿਪਨ ਕੁਮਾਰ ਉਰਫ਼ ਮਨੀਸ਼, ਵਾਸੀ ਪਿੰਡ ਮੜੀਆਂਵਾਲ, ਬਟਾਲਾ ਅਤੇ ਚਮਕੌਰ ਸਿੰਘ ਵਾਸੀ ਨੱਟ, ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ।
ਡੀਜੀਪੀ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਹ ਖੇਪ ਅਮਰੀਕਾ ਸਥਿਤ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵੱਲੋਂ ਪਾਕਿਸਤਾਨ ਰਾਹੀਂ ਭੇਜੀ ਗਈ ਹੈ। ਹਥਿਆਰ ਸਤੰਬਰ ਮਹੀਨੇ ਦੇ ਅੱਧ ਵਿੱਚ ਗੁਰਦਾਸਪੁਰ ਦੇ ਕਲਾਨੌਰ ਖੇਤਰ ਵਿੱਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਡਰੋਨ ਰਾਹੀਂ ਸੁੱਟੇ ਗਏ ਸਨ ਜਿਸ ਨੂੰ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੇ ਪ੍ਰਾਪਤ ਕੀਤਾ ਸੀ।
ਐੱਸ ਐੱਸ ਓ ਸੀ ਅੰਮ੍ਰਿਤਸਰ ਦੇ ਏ ਆਈ ਜੀ ਸੁਖਮਿੰਦਰ ਸਿੰਘ ਮਾਨ ਨੇ ਕਿਹਾ ਕਿ ਇਹ ਬਰਾਮਦਗੀ ਮੁਲਜ਼ਮ ਚਮਕੌਰ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੋਈ ਹੈ। ਉਨ੍ਹਾਂ ਕਿਹਾ ਕਿ ਗੁਰਪ੍ਰੀਤ ਸਿੰਘ ਉਰਫ਼ ਗੋਪੀ ਦਾ ਨਾਮ ਜੁਗਰਾਜ ਸਿੰਘ ਸਰਪੰਚ ਚੀਮਾ ਖੁਡੀ ਦੇ ਕਤਲ ਵਿੱਚ ਵੀ ਸਾਹਮਣੇ ਆਇਆ ਹੈ, ਜਿਸਦੀ ਜ਼ਿੰਮੇਵਾਰੀ ਮਨੂ ਅਗਵਾਨ ਗਰੁੱਪ ਨੇ ਲਈ ਸੀ। ਇਸ ਸਬੰਧ ਵਿੱਚ ਅਸਲਾ ਐਕਟ ਦੀ ਧਾਰਾ 25 ਅਤੇ ਬੀਐਨਐਸ ਦੀ ਧਾਰਾ 61 (2) ਅਤੇ ਐੱਨ ਡੀ ਪੀ ਐੱਸ ਐਕਟ ਦੀ ਧਾਰਾ 22 ਦੇ ਤਹਿਤ ਥਾਣਾ ਐੱਸ ਐੱਸ ਓ ਸੀ ਅੰਮ੍ਰਿਤਸਰ ਵਿੱਚ ਕੇਸ ਦਰਜ ਹੈ।