ਅਜਨਾਲਾ: ਸੱਕੀ ਨਾਲੇ ਕਾਰਨ ਝੋਨੇ ਦੀ ਫ਼ਸਲ ਨੁਕਸਾਨੀ
ਰਾਵੀ ਦਰਿਆ ਵਿੱਚ ਹੜ੍ਹ ਤੋਂ ਬਾਅਦ ਖਰਾਬ ਹੋਈਆਂ ਫਸਲਾਂ ਨੇ ਜਿੱਥੇ ਕਿਸਾਨਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਉੱਥੇ ਹੀ ਅਜਨਾਲਾ ਸ਼ਹਿਰ ਲਾਗਿਓਂ ਹੋ ਕੇ ਗੁਜ਼ਰਦੇ ਸੱਕੀ ਨਾਲੇ ਨੇ ਇਸ ਖੇਤਰ ਵਿੱਚ ਭਾਰੀ ਤਬਾਹੀ ਮਚਾਈ ਹੋਈ ਹੈ ਜਿਸ ਦੇ ਸਿੱਟੇ ਵਜੋਂ ਹਜ਼ਾਰਾਂ ਏਕੜ ਝੋਨੇ ਦੀ ਫਸਲ ਖਰਾਬ ਹੋ ਗਈ ਹੈ। ਇਹ ਸੱਕੀ ਨਾਲਾ ਪਿੰਡ ਲੋਧੀ ਗੁਜਰ ਦੇ ਇਲਾਕੇ ਤੱਕ ਜਾਂਦਾ ਹੈ ਅਤੇ ਬਰਸਾਤੀ ਪਾਣੀ ਨੂੰ ਇਕੱਠਾ ਕਰਕੇ ਨਿਕਾਸੀ ਦਾ ਕੰਮ ਕਰਦਾ ਹੈ। ਇਸ ਸੱਕੀ ਨਾਲੇ ਵਿੱਚ ਰਾਵੀ ਦਰਿਆ ਵਿੱਚ ਆਏ ਹੜ੍ਹ ਦਾ ਪਾਣੀ ਸਾਰਾ ਇਕੱਠਾ ਹੋਣ ਕਾਰਨ ਇਸ ਨੇ ਅਜਨਾਲਾ ਖੇਤਰ ਤੋਂ ਅੱਗੇ ਲੋਪੋਕੇ ਦੇ ਖੇਤਰ ਵਿੱਚ ਫਸਲਾਂ ਦਾ ਭਾਰੀ ਨੁਕਸਾਨ ਕੀਤਾ ਹੈ ਜੋ ਅਜੇ ਵੀ ਫਸਲਾਂ ਵਿੱਚ ਪਾਣੀ ਪੂਰੀ ਤਰਾਂ ਖੜ੍ਹਾ ਹੈ। ਇਸ ਸਬੰਧੀ ਗੱਲ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸਕੱਤਰ ਧਨਵੰਤ ਸਿੰਘ ਖਤਰਾਏ ਕਲਾਂ ਤੇ ਵਿਜੇ ਸ਼ਾਹ ਧਾਰੀਵਾਲ ਨੇ ਦੱਸਿਆ ਕਿ ਕਿ ਸੱਕੀ ਨਾਲੇ ਦੀ ਮਾਰ ਹੇਠ ਆਈਆਂ ਫਸਲਾਂ ਅਜੇ ਵੀ ਪਾਣੀ ਵਿੱਚ ਪੂਰੀ ਤਰਾਂ ਡੁੱਬੀਆਂ ਹੋਈਆਂ ਹਨ ਕਿਉਂਕਿ ਨਾਲੇ ਦੇ ਦੋਹਾਂ ਪਾਸੇ ਕਰੀਬ ਚਾਰ-ਚਾਰ ਏਕੜ ਫਸਲ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬੀ ਹੋਈ ਹੈ ਅਤੇ ਜ਼ਿਆਦਾ ਲੰਮਾ ਸਮਾਂ ਪਾਣੀ ਰਹਿਣ ਨਾਲ ਬਰਬਾਦ ਹੋ ਗਈ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ 20 ਹਜ਼ਾਰ ਰੁਪਏ ਪ੍ਰਤੀ ਏਕੜ ਦੇਣ ਦੀ ਬਜਾਏ 70 ਹਜ਼ਾਰ ਰੁਪਏ ਪ੍ਰਤੀ ਏਕੜ ਕਿਸਾਨਾਂ ਨੂੰ ਮੁਆਵਜ਼ਾ ਦੇਵੇ ਤਾਂ ਜੋ ਕਿਸਾਨਾਂ ਨੂੰ ਖੇਤੀ ਲਾਗਤ ਖਰਚੇ ਮਿਲ ਸਕਣ। ਜ਼ਿਕਰਯੋਗ ਹੈ ਕਿ ਇਸ ਸੱਕੀ ਨਾਲੇ ਦੇ ਨੇੜੇ ਲੰਘਦੀ ਅਜਨਾਲਾ ਤੋਂ ਭਿੰਡੀਆਂ ਸੜਕ ਪਾਣੀ ਚੱਲਣ ਕਾਰਨ ਲੰਮਾ ਸਮਾਂ ਆਵਾਜਾਈ ਬੰਦ ਰਹੀ ਸੀ।