ਕਤਲ ਕੇਸ ’ਚ ਨਾਮਜ਼ਦ ਮੁਲਜ਼ਮ ਮੁਕਾਬਲੇ ਮਗਰੋਂ ਗ੍ਰਿਫ਼ਤਾਰ
ਇਹ ਕਾਰਵਾਈ ਡੀ ਆਈ ਜੀ ਬਾਰਡਰ ਰੇਂਜ ਸੰਦੀਪ ਗੋਇਲ ਦੇ ਦਿਸ਼ਾ-ਨਿਰਦੇਸ਼ ਅਤੇ ਐੱਸ ਐੱਸ ਪੀ ਸੁਹੇਲ ਮੀਰ ਦੀ ਅਗਵਾਈ ਹੇਠ ਕੀਤੀ ਗਈ। ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਗੁਪਤ ਸੂਚਨਾ ਮਿਲੀ ਕਿ ਲੋੜੀਂਦਾ ਮੁਲਜ਼ਮ ਸੁਖਪ੍ਰੀਤ ਸਿੰਘ ਉਰਫ ਸੁੱਖ, ਜਿਸ ਨੇ ਮੁੱਖ ਮੁਲਜ਼ਮਾਂ ਨੂੰ ਹਥਿਆਰ ਅਤੇ ਟਿਕਾਣਾ ਮੁਹੱਈਆ ਕਰਵਾਇਆ , ਇਲਾਕੇ ਵਿੱਚ ਨਵੀਂ ਵਾਰਦਾਤ ਦੀ ਫਿਰਾਕ ਵਿੱਚ ਘੁੰਮ ਰਿਹਾ ਹੈ। ਇਸ ਤਹਿਤ ਐੱਸ ਆਈ ਅਜੇਪਾਲ ਸਿੰਘ ਨੇ ਆਪਣੀ ਟੀਮ ਸਮੇਤ ਜੇਠੁਵਾਲ ਨਹਿਰ ਨੇੜੇ ਨਾਕਾਬੰਦੀ ਕੀਤੀ। ਇਸ ਦੌਰਾਨ ਪੁਲੀਸ ਨੇ ਜਦੋਂ ਮੁਲਜ਼ਮ ਨੂੰ ਰੋਕਣ ਦਾ ਯਤਨ ਕੀਤਾ ਤਾਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲੀਸ ਪਾਰਟੀ ’ਤੇ ਫਾਇਰ ਕਰ ਦਿੱਤਾ।
ਪੁਲੀਸ ਵੱਲੋਂ ਆਪਣੀ ਸੁਰੱਖਿਆ ਵਿੱਚ ਕੀਤੀ ਗਈ ਜਵਾਬੀ ਕਾਰਵਾਈ ਦੌਰਾਨ ਉਹ ਜ਼ਖਮੀ ਹੋ ਗਿਆ। ਉਸ ਨੂੰ 9 ਐਮ.ਐਮ ਪਿਸਤੌਲ ਅਤੇ 3 ਰੌਂਦਾਂ ਸਮੇਤ ਕਾਬੂ ਕਰ ਲਿਆ ਗਿਆ। ਜ਼ਖਮੀ ਮੁਲਜ਼ਮ ਨੂੰ ਤੁਰੰਤ ਇਲਾਜ ਲਈ ਹਸਪਤਾਲ ਭੇਜਿਆ ਗਿਆ, ਜਿੱਥੇ ਉਸਦੀ ਹਾਲਤ ਸਥਿਰ ਦੱਸੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ 16 ਨਵੰਬਰ ਨੂੰ ਪਿੰਡ ਧੂਲਕਾ ਵਿੱਚ ਦੋ ਨਾ-ਮਾਲੂਮ ਸੂਟਰਾਂ ਵੱਲੋਂ ਦੁਕਾਨ ਅੰਦਰ ਦਾਖਲ ਹੋ ਕੇ ਮਨਜੀਤ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਸਬੰਧੀ ਮੁਕੱਦਮਾ ਧਾਰਾ 103, 3(5) ਬੀ ਐੱਨ ਐਸ ਅਤੇ 25-54-59 ਅਸਲਾ ਐਕਟ ਤਹਿਤ ਥਾਣਾ ਖਿਲਚੀਆਂ ਵਿੱਚ ਦਰਜ ਕੀਤਾ ਗਿਆ ਸੀ।
ਇਸ ਤੋਂ ਪਹਿਲਾਂ ਮੁੱਖ ਮੁਲਜਮ ਰਾਜਾ ਸਿੰਘ ਉਰਫ ਬਿੱਲਾ ਵਾਸੀ ਚੀਮਾ ਕਲਾਂ ਨੂੰ ਦੋ ਦਿਨ ਪਹਿਲਾਂ ਹੋਏ ਸੰਖੇਪ ਮੁਕਾਬਲੇ ਦੌਰਾਨ ਢੇਰ ਕੀਤਾ ਜਾ ਚੁੱਕਾ , ਜਦਕਿ ਉਸਦਾ ਸਾਥੀ ਮਨਪ੍ਰੀਤ ਸਿੰਘ ਉਰਫ ਸ਼ੰਮੀ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਤਫਤੀਸ਼ ਵਿੱਚ ਸਾਹਮਣੇ ਆਇਆ ਹੈ ਕਿ ਸੁਖਪ੍ਰੀਤ ਸਿੰਘ ਉਰਫ ਸੁੱਖ ਨੇ ਮੁੱਖ ਸੂਟਰਾਂ ਨੂੰ ਹਥਿਆਰ ਪ੍ਰਦਾਨ ਕੀਤੇ ਅਤੇ ਵਾਰਦਾਤ ਤੋਂ ਬਾਅਦ ਛੁਪਣ ਲਈ ਟਿਕਾਣਾ ਵੀ ਦਿੱਤਾ। ਇਨ੍ਹਾਂ ਦਾ ਸੰਗਠਿਤ ਗੈਂਗ ਨਾਲ ਸਿੱਧਾ ਸਬੰਧ ਸੀ। ਪੁਲੀਸ ਵਲੋ ਇਨਾਂ ਦੇ ਹੋਰ ਸਾਥੀਆਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਹਥਿਆਰ ਸਪਲਾਈ ਚੇਨ ਅਤੇ ਗੈਂਗ ਨਾਲ ਸਬੰਧਤ ਦੀ ਜਾਂਚ ਜਾਰੀ ਹੈ।
