‘ਆਪ’ ਨੇ ਸੇਮ ਨਾਲੀਆਂ ਦੀ ਸਫ਼ਾਈ ਨਹੀਂ ਕਰਵਾਈ: ਬਾਜਵਾ
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਹਲਕਾ ਕਾਦੀਆਂ ਅਧੀਨ ਪੈਂਦੇ ਬੇਟ ਖੇਤਰ ਦੇ ਪਿੰਡਾਂ ਅਤੇ ਦਰਿਆ ਬਿਆਸ ਦੀ ਧੁੱਸੀ ਬੰਨ੍ਹ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਇਲਾਕੇ ਦੇ ਲੋਕਾਂ ਨੇ ਸ੍ਰੀ ਬਾਜਵਾ ਨੂੰ ਧੁੱਸੀ ਬੰਨ੍ਹ ਦੇ ਹੇਠਾਂ ਤੋਂ ਪੈ ਰਹੀ ਸੇਮ ਤੋਂ ਜਾਣੂ ਕਰਵਾਇਆ। ਸ੍ਰੀ ਬਾਜਵਾ ਨੇ ਯਕੀਨ ਦਿਵਾਇਆ ਕਿ ਉਹ ਆਪਣੇ ਅਖ਼ਤਿਆਰੀ ਫ਼ੰਡ ਵਿੱਚੋਂ ਪੈਸਾ ਦੇ ਕੇ ਧੁੱਸੀ ਬੰਨ੍ਹ ਦੀ ਮਜ਼ਬੂਤੀ ਲਈ ਪੱਥਰ ਲਗਾਉਣ ਦਾ ਕੰਮ ਕਰਵਾਉਣਗੇ। ਇਸ ਮੌਕੇ ਬਾਜਵਾ ਨੇ ਬੰਨ੍ਹ ਮਜ਼ਬੂਤ ਕਰ ਰਹੇ ਸਥਾਨਕ ਲੋਕਾਂ ਦਾ 25 ਹਜ਼ਾਰ ਰੁਪਏ ਨਗਦ ਰਕਮ ਨਾਲ ਸਹਿਯੋਗ ਕੀਤਾ। ਸ੍ਰੀ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਪੰਜਾਬ ਦੀਆਂ 8000 ਸੇਮ ਨਾਲੀਆਂ ਦੀ ਸਫ਼ਾਈ ਕਰ ਦਿੱਤੀ ਗਈ ਹੈ ਤੇ 74 ਦੇ ਕਰੀਬ ਬੰਨ੍ਹ ਮਜ਼ਬੂਤ ਕਰ ਦਿੱਤੇ ਗਏ ਹਨ। ਪਰ ਹਕੀਕਤ ਸਭ ਦੇ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਜ਼ਿਲ੍ਹੇ ਵਿੱਚ ਪੈਂਦੇ ਬੇਟ ਇਲਾਕੇ ਦੀਆਂ ਸੇਮ ਨਾਲੀਆਂ ਦੀ ਕੋਈ ਸਫ਼ਾਈ ਨਹੀਂ ਕੀਤੀ ਗਈ ਅਤੇ ਨਾ ਹੀ ਬੰਨ੍ਹ ਮਜ਼ਬੂਤ ਕੀਤੇ ਗਏ ਹਨ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਸੇਮ ਨਾਲੀਆਂ ਨੂੰ ਸਾਫ਼ ਕਰਨ ਲਈ ਕੁੱਝ ਕਰੇਨਾਂ ਭੇਜੀਆਂ ਗਈਆਂ ਸਨ ਪਰ ਉਨ੍ਹਾਂ ਦੇ ਨਾਲੀਆਂ ਕੰਢੇ ਖੜ੍ਹੀਆਂ ਕਰ ਕੇ ਫੋਟੋਆਂ ਖਿਚਵਾਉਣ ਬਾਅਦ ਸਫ਼ਾਈ ਵਿੱਚ ਕੋਈ ਸਾਰਥਿਕ ਕੰਮ ਨਹੀਂ ਕੀਤਾ। ਸ੍ਰੀ ਬਾਜਵਾ ਨੇ ਇਹ ਵੀ ਵਾਅਦਾ ਕੀਤੇ ਕੇ ਜੇ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਦੀ ਸਰਕਾਰ ਬਣੇਗੀ ਤਾਂ ਉਹ ਧੁੱਸੀ ਬੰਨ੍ਹ ਅੰਦਰ ਪੱਥਰ ਲਗਾਅ ਕੇ ਪੂਰੀ ਤਰਾਂ ਮਜ਼ਬੂਤ ਕਰ ਦੇਣਗੇ। ਇਸ ਮੌਕੇ ਚੇਅਰਮੈਨ ਕੁਲਵੰਤ ਸਿੰਘ, ਅੰਮ੍ਰਿਤਪਾਲ ਸਿੰਘ ਜੀਂਦੜ, ਡਾ. ਸ਼ਾਮ ਸਿੰਘ, ਨਿਸ਼ਾਨ ਸਿੰਘ ਦਤਾਰਪੁਰ, ਮੱਖਣ ਸਿੰਘ ਰਾਜਪੁਰ, ਹਰਦੀਪ ਸਿੰਘ ਜੀਂਦੜ, ਸਰਪੰਚ ਸੋਨੀ ਪਹਿਲਵਾਨ ਤੇ ਸਰਪੰਚ ਬਲਬੀਰ ਸਿੰਘ ਮੌਜੂਦ ਸੀ।