ਰਾਵੀ ਤੋਂ ਬਚਾਅ ਲਈ ਕੋਹਲੀਆਂ ਕੋਲ ਬਣਾਇਆ ਜਾ ਰਿਹੈ ਆਰਜ਼ੀ ਬੰਨ੍ਹ
ਰਾਵੀ ਦਰਿਆ ਵਿੱਚ ਆਏ ਹੜ੍ਹ ਦੇ ਪਾਣੀ ਨੇ ਕਥਲੌਰ ਪੁਲ ਕੋਲ 5,000 ਫੁੱਟ ਉੱਚੇ ਧੁੱਸੀ ਬੰਨ੍ਹ ਨੂੰ ਤੋੜ ਦਿੱਤਾ ਸੀ ਅਤੇ ਪਾਣੀ ਨੇ ਕੋਹਲੀਆਂ ਅਤੇ ਪੰਮਾ ਪਿੰਡਾਂ ਵਿੱਚ ਭਾਰੀ ਤਬਾਹੀ ਮਚਾਈ ਸੀ। ਰਾਵੀ ਦਰਿਆ ਦੇ ਪਾਣੀ ਨੇ ਆਪਣਾ ਰੁੱਖ ਬਦਲ ਲਿਆ ਅਤੇ ਕਥਲੌਰ ਪੁਲ ਤੋਂ ਨਰੋਟ ਜੈਮਲ ਸਿੰਘ ਨੂੰ ਜਾਂਦੀ ਸਰਹੱਦੀ ਸੜਕ ਨੂੰ ਵੀ ਖੋਰਾ ਲਾਉਣਾ ਸ਼ੁਰੂ ਕਰ ਦਿੱਤਾ। ਪਾਣੀ ਵਧਣ ਦੀ ਸੂਰਤ ਵਿੱਚ ਅਨੇਕਾਂ ਪਿੰਡਾਂ ਨੂੰ ਖੜ੍ਹੇ ਹੋਏ ਖਤਰੇ ਦਾ ਟਾਕਰਾ ਕਰਨ ਲਈ ਕੋਹਲੀਆਂ ਕੋਲ ਆਰਜ਼ੀ ਤੌਰ ’ਤੇ ਖਾਲੀ ਬੋਰੀਆਂ ਵਿੱਚ ਮਿੱਟੀ ਭਰ ਕੇ ਬੰਨ੍ਹ ਬਣਾਉਣਾ ਸ਼ੁਰੂ ਕੀਤਾ ਗਿਆ ਹੈ ਜਿਸ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਇਸ ਕੰਮ ਨੂੰ ਕਰਨ ਵਿੱਚ ਜਿੱਥੇ ਡਰੇਨੇਜ਼ ਵਿਭਾਗ ਜੰਗੀ ਪੱਧਰ ’ਤੇ ਲੱਗਾ ਹੋਇਆ ਹੈ, ਉੱਥੇ ਹੀ ਇਲਾਕੇ ਦੇ ਲੋਕ ਅਤੇ ਹੋਰ ਸਮਾਜਿਕ ਸੰਸਥਾਵਾਂ ਵੀ ਸਰਗਰਮੀ ਨਾਲ ਕੰਮ ਕਰ ਰਹੀਆਂ ਹਨ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਵੀ ਬੰਨ੍ਹ ਬਣਾਉਣ ਵਿੱਚ ਕਾਰ ਸੇਵਾ ਸ਼ੁਰੂ ਕਰਵਾਈ ਹੈ। ਇਸ ਪੱਤਰਕਾਰ ਨੇ ਅੱਜ ਮੌਕੇ ’ਤੇ ਜਾ ਕੇ ਦੇਖਿਆ ਤਾਂ ਉੱਥੇ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਵਾਲੰਟੀਅਰ ਕਾਫੀ ਸਰਗਰਮ ਸਨ ਤੇ ਬੰਨ੍ਹ ਬਣਾਉਣ ਦੀ ਕਾਰ ਸੇਵਾ ਵਿੱਚ ਲੱਗੇ ਹੋਏ ਸਨ।
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦਾ ਕਹਿਣਾ ਸੀ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਲੋਕਾਂ ਦੇ ਸਹਿਯੋਗ ਨਾਲ ਰਾਵੀ ਦੇ ਕਿਨਾਰੇ ਕੋਹਲੀਆਂ ਮੋੜ ਅਤੇ ਪਿੰਡ ਪੰਮਾ ਦੇ ਨਾਲ ਲੱਗਦੇ ਰਾਵੀ ਦੇ ਪਾਣੀ ਦੇ ਕਟਾਅ ਨੂੰ ਰੋਕਣ ਲਈ ਅਸਥਾਈ ਬੰਨ੍ਹ ਬਣਾਇਆ ਜਾ ਰਿਹਾ ਹੈ ਅਤੇ ਇਹ ਕੰਮ ਬਹੁਤ ਜਲਦੀ ਮੁਕੰਮਲ ਕਰ ਦਿੱਤਾ ਜਾਵੇਗਾ।
ਮੁੱਖ ਮਕਸਦ ਪਿੰਡਾਂ ਨੂੰ ਰੁੜ੍ਹਨ ਦੇ ਖ਼ਤਰੇ ਤੋਂ ਬਚਾਉਣਾ: ਐਕਸੀਅਨ
ਡਰੇਨੇਜ਼ ਵਿਭਾਗ ਦੇ ਐਕਸੀਅਨ ਰਜਿੰਦਰ ਗੋਇਲ ਦਾ ਕਹਿਣਾ ਸੀ ਕਿ ਇਸ ਬੰਨ੍ਹ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਕੁੱਝ ਹਿੱਸੇ ਵਿੱਚ ਡਰੇਨੇਜ਼ ਵਿਭਾਗ ਕੰਮ ਕਰਵਾ ਰਿਹਾ ਹੈ ਜਦਕਿ ਕੁਝ ਹਿੱਸੇ ਵਿੱਚ ਕਾਰ ਸੇਵਕਾਂ ਵੱਲੋਂ ਬੰਨ੍ਹ ਬਣਾਉਣ ਦਾ ਕੰਮ ਜਾਰੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁੱਖ ਕੰਮ ਤਾਂ ਪਾਣੀ ਆਉਣ ਦੀ ਸੂਰਤ ਵਿੱਚ ਪਿੰਡਾਂ ਨੂੰ ਰੁੜ੍ਹਨ ਦੇ ਖਤਰੇ ਤੋਂ ਬਚਾਉਣਾ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਤਾਂ ਇਹ ਬੰਨ੍ਹ ਆਰਜ਼ੀ ਤੌਰ ’ਤੇ ਬਣਾਇਆ ਜਾ ਰਿਹਾ ਹੈ ਜਦਕਿ ਮੌਨਸੂਨ ਸੀਜ਼ਨ ਖਤਮ ਹੋਣ ਬਾਅਦ ਧੁੱਸੀ ਬੰਨ੍ਹ ਪੱਕੇ ਤੌਰ ’ਤੇ ਬਣਾਇਆ ਜਾਵੇਗਾ ਅਤੇ ਪੱਥਰਾਂ ਦੇ ਕਰੇਟ ਵੀ ਬੰਨ੍ਹੇ ਜਾਣਗੇ।