ਸੜਕ ਹਾਦਸੇ ’ਚ ਪਰਿਵਾਰ ਦੇ 8 ਜੀਅ ਜ਼ਖ਼ਮੀ
ਪੱਤਰ ਪ੍ਰੇਰਕ
ਪਠਾਨਕੋਟ, 11 ਜੁਲਾਈ
ਸਰਹੱਦੀ ਪਿੰਡ ਪੰਮਾ ਦੇ ਕੋਲ ਅੱਜ ਸਵੇਰੇ 7 ਵਜੇ ਦੇ ਕਰੀਬ ਇੱਕ ਬਲੈਰੋ ਜੀਪ ਡਰਾਈਵਰ ਕੋਲੋਂ ਬੇਕਾਬੂ ਹੋ ਕੇ ਸੜਕ ਕਿਨਾਰੇ ਸਫੈਦੇ ਵਿੱਚ ਜਾ ਵੱਜੀ। ਜਿਸ ਨਾਲ ਜੀਪ ਵਿੱਚ ਸਵਾਰ 8 ਪਰਿਵਾਰਕ ਮੈਂਬਰ ਜ਼ਖਮੀ ਹੋ ਗਏ। ਜ਼ਖਮੀਆਂ ਵਿੱਚ ਦੋ ਬੱਚੇ ਵੀ ਸ਼ਾਮਲ ਸਨ। ਇਹ ਪਰਿਵਾਰ ਪਿੰਡ ਸੁੰਦਰਚੱਕ ਮਹਿਤਾ ਤੋਂ ਸਰਹੱਦੀ ਪਿੰਡ ਚੰਡੀਗੜ ਵਿੱਚ ਇੱਕ ਧਾਰਮਿਕ ਅਸਥਾਨ ’ਤੇ ਮੱਥਾ ਟੇਕ ਕੇ ਵਾਪਸ ਆ ਰਿਹਾ ਸੀ ਕਿ ਰਸਤੇ ਵਿੱਚ ਡਰਾਈਵਰ ਨੂੰ ਨੀਂਦ ਆ ਗਈ। ਜਦ ਹਾਦਸਾ ਵਾਪਰਿਆ ਤਾਂ ਨਜ਼ਦੀਕ ਖੇਤਾਂ ਵਿੱਚ ਕੰਮ ਕਰ ਰਹੇ ਸਥਾਨਕ ਵਾਸੀਆਂ ਨੇ ਜ਼ਖ਼ਮੀਆਂ ਨੂੰ ਜੀਪ ਵਿੱਚੋਂ ਬਾਹਰ ਕੱਢਿਆ ਅਤੇ ਪੁਲੀਸ ਤੇ ਐਂਬੂਲੈਂਸ ਨੂੰ ਬੁਲਾਇਆ। ਪੁਲੀਸ ਮੁਲਾਜ਼ਮਾਂ ਨੇ ਜ਼ਖਮੀਆਂ ਨੂੰ ਨਰੋਟ ਜੈਮਲ ਸਿੰਘ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ। ਜ਼ਖਮੀਆਂ ਵਿੱਚੋਂ ਦੋ ਦੀ ਹਾਲਤ ਗੰਭੀਰ ਹੋਣ ਕਰਕੇ ਪਰਿਵਾਰ ਵਾਲੇ ਉਨ੍ਹਾਂ ਨੂੰ ਇਲਾਜ ਲਈ ਕਠੂਆ ਹਸਪਤਾਲ ਵਿੱਚ ਲੈ ਗਏ। ਜ਼ਖਮੀਆਂ ਵਿੱਚ ਸੋਨੀਆ ਕੁਮਾਰੀ, ਅਨੀਤਾ ਦੇਵੀ, ਪੁਸ਼ਪਾ ਦੇਵੀ, ਨੀਤੂ ਕੁਮਾਰੀ, ਸੰਜੀਵ ਕੁਮਾਰ ਸ਼ਾਮਲ ਹਨ।