ਹਥਿਆਰਾਂ ਨਾਲ ਤਸਵੀਰਾਂ ਅਪਲੋਡ ਕਰਨ ਵਾਲੇ ਨੌਜਵਾਨ ਦੇ ਪਾਕਿਸਤਾਨੀ ਖੁਫ਼ੀਆ ਏਜੰਸੀ ਨਾਲ ਸਬੰਧ
ਗੂਹਲਾ ਚੀਕਾ 16 ਮਈ
ਫੇਸਬੁੱਕ ’ਤੇ ਹਥਿਆਰਾਂ ਦੀਆਂ ਫੋਟੋਆਂ ਅਪਲੋਡ ਕਰਨ ਵਾਲੇ ਨੌਜਵਾਨ ਦੇ ਪਾਕਿਸਤਾਨੀ ਖੁਫ਼ੀਆ ਏਜੰਸੀ ਨਾਲ ਸਬੰਧ ਹੋਣ ਦਾ ਪਤਾ ਲੱਗਿਆ ਹੈ।
ਸਪੈਸ਼ਲ ਡਿਟੈਕਟਿਵ ਯੂਨਿਟ ਟੀਮ ਨੇ 13 ਮਈ ਨੂੰ ਚੀਕਾ ਦੇ ਪਿੰਡ ਮਸਤਗੜ੍ਹ ਦੇ ਰਹਿਣ ਵਾਲੇ ਦਵਿੰਦਰ ਸਿੰਘ ਢਿੱਲੋਂ (25) ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਸ ਖ਼ਿਲਾਫ਼ 11 ਮਈ ਨੂੰ ਗੁਹਲਾ ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਜਦੋਂ ਉਸ ਨੂੰ ਪੁੱਛ ਪੜਤਾਲ ਲਈ ਦੋ ਦਿਨਾਂ ਦੇ ਰਿਮਾਂਡ ’ਤੇ ਲਿਆ ਗਿਆ ਤਾਂ ਟੀਮ ਨੂੰ ਮਹੱਤਵਪੂਰਨ ਜਾਣਕਾਰੀ ਮਿਲੀ।
ਜਿਉਂ ਹੀ ਪੁਲੀਸ ਨੂੰ ਦਵਿੰਦਰ ਦੇ ਪਾਕਿਸਤਾਨੀ ਖੁਫ਼ੀਆ ਏਜੰਸੀ ਨਾਲ ਸਬੰਧਾਂ ਬਾਰੇ ਪਤਾ ਲੱਗਾ, ਉਸ ਖ਼ਿਲਾਫ਼ ਸਾਈਬਰ ਕਰਾਈਮ ਪੁਲੀਸ ਸਟੇਸ਼ਨ ਵਿੱਚ ਦੂਜਾ ਕੇਸ ਦਰਜ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਦਵਿੰਦਰ ਦਾ ਪਾਕਿਸਤਾਨੀ ਖੁਫੀਆ ਏਜੰਸੀ ਨਾਲ ਪੈਸੇ ਦਾ ਲੈਣ-ਦੇਣ ਰਿਹਾ ਹੈ। ਦਵਿੰਦਰ ਨੂੰ ਪੁੱਛ ਪੜਤਾਲ ਲਈ ਤਿੰਨ ਦਿਨਾਂ ਦੇ ਰਿਮਾਂਡ ’ਤੇ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦਵਿੰਦਰ ਨਵੰਬਰ, 2024 ਵਿੱਚ ਕਰਤਾਰਪੁਰ ਲਾਂਘੇ ਰਾਹੀਂ ਇੱਕ ਸਮੂਹ ਨਾਲ ਪਾਕਿਸਤਾਨ ਦੇ ਨਨਕਾਣਾ ਸਾਹਿਬ ਗਿਆ ਸੀ। ਉੱਥੇ ਉਹ ਪਾਕਿਸਤਾਨੀ ਖੁਫੀਆ ਏਜੰਸੀ ਦੇ ਸੰਪਰਕ ਵਿੱਚ ਆਇਆ।
ਐੱਸਪੀ ਆਸਥਾ ਮੋਦੀ ਨੇ ਕਿਹਾ ਕਿ ਤਿੰਨ ਦਿਨ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦਵਿੰਦਰ ਦੇ ਪਾਕਿਸਤਾਨੀ ਖੁਫੀਆ ਏਜੰਸੀ ਨਾਲ ਸਬੰਧ ਪਾਏ ਗਏ ਹਨ। ਇਸ ਮਾਮਲੇ ਦੀ ਜਾਂਚ ਲਈ ਐੱਸਆਈਟੀ ਬਣਾਈ ਗਈ ਹੈ ਅਤੇ ਦਵਿੰਦਰ ਨੂੰ ਤਿੰਨ ਦਿਨ ਦੇ ਰਿਮਾਂਡ ’ਤੇ ਲਿਆ ਗਿਆ ਹੈ।